ਸਤਸੰਗਦੀਕਸ਼ਾ - ਪੰਜਾਬੀ

    ॥ ਸ਼੍ਰੀ ਸਵਾਮੀਨਾਰਾਇਣ ਵਿਜਯਤੇ

॥ਸਤਸੰਗਦੀਕਸ਼ਾ॥

ਸ਼੍ਰੀ ਸੁਆਮੀਨਾਰਾਇਣ ਭਗਵਾਨ ਭਾਵ ਸਾਕਸ਼ਾਤ ਸ਼੍ਰੀਅਕਸ਼ਰਪੁਰਸ਼ੋਤਮ ਮਹਾਰਾਜ, ਸਾਰਿਆਂ ਨੂੰ ਪਰਮ ਸ਼ਾਂਤੀ, ਆਨੰਦ ਅਤੇ ਸੁਖ ਪ੍ਰਦਾਨ ਕਰਨ। (1)

ਇਹ ਦੇਹ ਮੁਕਤੀ ਦਾ ਸਾਧਨ ਹੈ, ਨਾ ਕਿ ਕੇਵਲ ਭੋਗ-ਵਿਲਾਸ ਮਾਨਣ ਦਾ ਸਾਧਨ। ਦੁਰਲੱਭ ਅਤੇ ਨਾਸ਼ਵਾਨ ਇਹ ਦੇਹ ਵਾਰ-ਵਾਰ ਪ੍ਰਾਪਤ ਨਹੀਂ ਹੁੰਦੀ। (2)

ਦੁਨਿਆਵੀ ਵਿਵਹਾਰ (ਕੰਮ-ਕਾਜ) ਤਾਂ ਕੇਵਲ ਸਰੀਰ ਦੇ ਨਿਰਵਾਹ ਲਈ ਹਨ। ਉਹ ਇਸ ਮਨੁੱਖੀ ਜਨਮ ਦਾ ਪਰਮ ਉਦੇਸ਼ ਨਹੀਂ ਹੈ। (3)

ਇਹ ਦੇਹ ਸਾਰੇ ਦੋਸ਼-ਵਿਕਾਰਾਂ ਤੋਂ ਛੁਟਕਾਰੇ ਲਈ, ਬ੍ਰਹਮ-ਅਵਸਥਾ ਪ੍ਰਾਪਤ ਕਰਨ ਅਤੇ ਪ੍ਰਭੂ ਦੀ ਭਗਤੀ ਕਰਨ ਲਈ ਪ੍ਰਾਪਤ ਹੋਈ ਹੈ। ਸਤਿਸੰਗ ਕਰਨ ਜਾਣ ’ਤੇ ਇਹ ਸਭ ਕੁਝ ਨਿਸ਼ਚਿਤ ਤੌਰ ’ਤੇ ਪ੍ਰਾਪਤ ਹੁੰਦਾ ਹੈ। ਇਸ ਲਈ ਮੁਮੁਕਸ਼ੁਆਂ (ਮੁਕਤੀ-ਜਾਚਕਾਂ) ਨੂੰ ਹਮੇਸ਼ਾ ਸਤਿਸੰਗ ਕਰਨਾ ਚਾਹੀਦਾ ਹੈ। (4-5)

ਇਸੇ ਉਦੇਸ਼ ਲਈ ਪਰਬ੍ਰਹਮ ਸ਼੍ਰੀਸੁਆਮੀਨਾਰਾਇਣ ਨੇ ਇਸ ਸੰਸਾਰ ਵਿਚ ਸਾਕਸ਼ਾਤ ਪ੍ਰਗਟ ਹੋ ਕੇ ਇਸ ਦੈਵੀ ਸਤਿਸੰਗ ਦੀ ਸਥਾਪਨਾ ਕੀਤੀ। (6)

ਇਸ ਸਤਿਸੰਗ ਦਾ ਗਿਆਨ ਮੁਮੁਕਸ਼ੁਆਂ ਨੂੰ ਪ੍ਰਾਪਤ ਹੋਵੇ, ਇਸ ਸ਼ੁੱਧ ਇਰਾਦੇ ਨਾਲ ‘ਸਤਿਸੰਗ-ਦੀਕਸ਼ਾ’ ਨਾਂ ਦੇ ਸ਼ਾਸਤਰ ਦੀ ਰਚਨਾ ਕੀਤੀ ਗਈ ਹੈ। (7)

ਸਤਿਸੰਗ ਦਾ ਅਸਲ ਲੱਛਣ ਹੈ— ਸੱਚ-ਸਰੂਪ ਆਤਮਾ ਨਾਲ ਜੁੜਨਾ, ਸੱਚ-ਸਰੂਪ ਪਰਮਾਤਮਾ ਨਾਲ ਜੁੜਨਾ, ਸੱਚ-ਸਰੂਪ ਗੁਰੂ ਨਾਲ ਜੁੜਨਾ ਅਤੇ ਸੱਚੇ ਸ਼ਾਸਤਰਾਂ ਨਾਲ ਜੁੜਨਾ। ਅਜਿਹਾ ਦੈਵੀ ਸਤਿਸੰਗ ਕਰਨ ਵਾਲਾ ਮਨੁੱਖ ਸੁਖੀ ਹੁੰਦਾ ਹੈ। (8-9)

ਦੀਕਸ਼ਾ’ ਦਾ ਅਰਥ ਹੈ—ਦ੍ਰਿੜ੍ਹ ਸੰਕਲਪ, ਸ਼ਰਧਾ ਨਾਲ ਅਟਲ ਨਿਸਚਾ (ਭਰੋਸਾ), ਪੂਰਨ ਸਮਰਪਣ, ਪ੍ਰੇਮ ਭਰੀ ਸ਼ਰਧਾ, ਵਰਤ ਅਤੇ ਦ੍ਰਿੜ੍ਹ ਆਸਰਾ। (10)

ਇਸ ਸ਼ਾਸਤਰ ਵਿਚ ਪਰਬ੍ਰਹਮ ਸਹਿਜਾਨੰਦ ਪਰਮਾਤਮਾ ਦੁਆਰਾ ਦਰਸਾਈ ਗਈ ਆਗਿਆ ਅਤੇ ਉਪਾਸਨਾ ਦੀ ਪੱਧਤੀ ਸਪੱਸ਼ਟ ਤੌਰ ’ਤੇ ਦੱਸੀ ਗਈ ਹੈ। (11)

ਸਾਰੇ ਪੁਰਸ਼ ਅਤੇ ਇਸਤਰੀਆਂ ਸਤਿਸੰਗ ਦੇ ਹੱਕਦਾਰ ਹਨ, ਸਾਰੇ ਸੁਖ ਦੇ ਹੱਕਦਾਰ ਹਨ ਅਤੇ ਸਾਰੇ ਬ੍ਰਹਮ-ਵਿੱਦਿਆ ਦੇ ਹੱਕਦਾਰ ਹਨ। (12)

ਸਤਿਸੰਗ ਵਿਚ ਲਿੰਗ-ਭੇਦ ਦੇ ਆਧਾਰ ’ਤੇ ਕਿਸੇ ਨੂੰ ਘੱਟ ਜਾਂ ਵੱਧ (ਉੱਚਾ ਜਾਂ ਨੀਵਾਂ) ਨਾ ਸਮਝਿਆ ਜਾਵੇ। ਸਾਰੇ ਆਪਣੀ-ਆਪਣੀ ਮਰਿਆਦਾ ਵਿਚ ਰਹਿ ਕੇ ਭਗਤੀ ਨਾਲ ਮੁਕਤੀ ਪ੍ਰਾਪਤ ਕਰ ਸਕਦੇ ਹਨ। (13)

ਸਾਰੇ ਵਰਨਾਂ (ਜਾਤਾਂ) ਦੀਆਂ ਸਾਰੀਆਂ ਇਸਤਰੀਆਂ ਤੇ ਸਾਰੇ ਪੁਰਸ਼ ਹਮੇਸ਼ਾ ਸਤਿਸੰਗ, ਬ੍ਰਹਮ-ਵਿੱਦਿਆ ਅਤੇ ਮੁਕਤੀ ਦੇ ਹੱਕਦਾਰ ਹਨ। ਵਰਨ ਦੇ ਆਧਾਰ ’ਤੇ ਕਦੇ ਘੱਟ-ਵੱਧ (ਉੱਚੇ-ਨੀਵੇਂ) ਦਾ ਵਿਚਾਰ ਨਾ ਕਰੋ। ਸਾਰੇ ਮਨੁੱਖ ਆਪਣੇ ਵਰਨ ਦੇ ਹੰਕਾਰ ਨੂੰ ਛੱਡ ਕੇ ਇਕ-ਦੂਜੇ ਦੀ ਸੇਵਾ ਕਰਨ। ਜਾਤ ਕਰਕੇ ਕੋਈ ਮਹਾਨ ਨਹੀਂ ਹੈ ਅਤੇ ਨੀਵਾਂ ਵੀ ਨਹੀਂ ਹੈ। ਇਸ ਲਈ ਜਾਤ-ਪਾਤ ਦੇ ਆਧਾਰ ’ਤੇ ਕਲੇਸ਼ ਨਾ ਕਰੋ ਅਤੇ ਸੁਖ ਨਾਲ ਸਤਿਸੰਗ ਕਰੋ। (14-16)

ਗ੍ਰਹਿਸਥ ਅਤੇ ਤਿਆਗੀ ਸਾਰੇ ਮੁਕਤੀ ਦੇ ਹੱਕਦਾਰ ਹਨ। ਉਨ੍ਹਾਂ ਵਿਚ ਘੱਟ-ਵੱਧ (ਉੱਚੇ-ਨੀਵੇਂ) ਦਾ ਕੋਈ ਵਿਚਾਰ ਨਹੀਂ ਹੈ, ਕਿਉਂਕਿ ਸਾਰੇ ਪ੍ਰਭੂ ਦੇ ਭਗਤ ਹਨ। (17)

ਸ਼੍ਰੀਸੁਆਮੀਨਾਰਾਇਣ ਭਗਵਾਨ ਦੇ ਪ੍ਰਤੀ ਵਿਲੱਖਣ, ਦ੍ਰਿੜ੍ਹ ਅਤੇ ਪਰਮ ਭਗਤੀ ਲਈ ਆਸ਼੍ਰਯਦੀਕਸ਼ਾ-ਮੰਤਰ ਗ੍ਰਹਿਣ ਕਰ ਕੇ ਸਤਿਸੰਗ ਪ੍ਰਾਪਤ ਕਰੋ। (18)

ਆਸ਼੍ਰਯਦੀਕਸ਼ਾ-ਮੰਤਰ ਇਸ ਤਰ੍ਹਾਂ ਹੈ—

ਧਨਯੋਸਮੀ ਪੂਰਣਕਾਮੋਸਮੀ ਨਿਸ਼ਪਾਪੋ ਨਿਰਭਯਹ ਸੁਖੀ। ਅਕਸ਼ਰਗੁਰੂਯੋਗੇਨ ਸਵਾਮਿਨਾਰਾਇਣ ਆਸ਼੍ਰ- ਯਾਤ॥ (19)

ਮੁਮੁਕਸ਼ੁ (ਮੁਕਤੀ-ਜਾਚਕ) ਆਪਣੀ ਆਤਮਾ ਦੀ ਮੁਕਤੀ ਲਈ ਸਹਿਜਾਨੰਦ ਸ਼੍ਰੀਹਰੀ ਅਤੇ ਅਕਸ਼ਰਬ੍ਰਹਮ-ਸਰੂਪ ਗੁਣਾਤੀਤ ਗੁਰੂ ਦਾ ਪ੍ਰੇਮ ਨਾਲ ਆਸਰਾ ਲੈਣ। (20)

ਸਤਿਸੰਗ ਦੀ ਸ਼ਰਣ ਲੈ ਕੇ ਗਲੇ ਵਿਚ ਹਮੇਸ਼ਾ ਲੱਕੜ ਦੀ ਦੋਲੜੀ (ਦੋ ਸਤਰੀ) ਕੰਠੀ (ਮਾਲਾ) ਧਾਰਨ ਕਰਨ ਅਤੇ ਸਤਿਸੰਗ ਦੇ ਨਿਯਮਾਂ ਨੂੰ ਅਪਨਾਉਣ। (21)

ਇਸ ਸੰਸਾਰ ਵਿਚ ਬ੍ਰਹਮ-ਸਰੂਪ ਗੁਰੂ ਦੇ ਬਿਨਾਂ ਜੀਵਨ ਵਿਚ ਬ੍ਰਹਮ-ਵਿੱਦਿਆ ਦੇ ਤੱਤ ਨੂੰ ਜਾਣਨਾ ਸੰਭਵ ਨਹੀਂ ਹੈ। (22)

ਅਕਸ਼ਰਬ੍ਰਹਮ ਗੁਰੂ ਦੇ ਬਿਨਾਂ ਪਰਮਾਤਮਾ ਵਿਚ ਉੱਤਮ ਨਿਰਵਿਕਲਪ ਨਿਸਚਾ (ਭਰੋਸਾ) ਨਹੀਂ ਹੋ ਸਕਦਾ ਅਤੇ ਨਾ ਹੀ ਆਪਣੀ ਆਤਮਾ ਵਿਚ ਬ੍ਰਹਮ-ਭਾਵ ਹੀ ਪ੍ਰਾਪਤ ਹੁੰਦਾ ਹੈ। (23)

ਬ੍ਰਹਮ-ਸਰੂਪ ਗੁਰੂ ਦੇ ਬਿਨਾਂ ਅਸਲ ਭਗਤੀ ਵੀ ਨਹੀਂ ਹੁੰਦੀ, ਪਰਮ ਆਨੰਦ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਅਤੇ ਤਿੰਨ ਤਰ੍ਹਾਂ ਦੇ ਤਾਪਾਂ ਦਾ ਨਾਸ਼ ਵੀ ਨਹੀਂ ਹੁੰਦਾ। (24)

ਇਸ ਲਈ ਸਰਵ-ਸਿੱਧੀ ਕਰਾਉਣ ਵਾਲੇ ਅਤੇ ਪਰਮਾਤਮਾ ਦਾ ਅਨੁਭਵ ਕਰਾਉਣ ਵਾਲੇ ਪ੍ਰਤੱਖ ਅਕਸ਼ਰ-ਬ੍ਰਹਮ ਗੁਰੂ ਦੀ ਸ਼ਰਣ ਲੈਣੀ ਚਾਹੀਦੀ ਹੈ। (25)

    ਸਾਰੇ ਸਤਿਸੰਗੀ ਹਰ ਤਰ੍ਹਾਂ ਦੀਆਂ ਬੁਰੀਆਂ ਲਤਾਂ (ਆਦਤਾਂ) ਦਾ ਹਮੇਸ਼ਾ ਲਈ ਤਿਆਗ ਕਰਨ। ਕਿਉਂਕਿ ਲਤ ਅਨੇਕ ਰੋਗਾਂ ਅਤੇ ਦੁੱਖਾਂ ਦਾ ਕਾਰਨ ਹੈ। (26)

ਸ਼ਰਾਬ, ਭੰਗ, ਤੰਬਾਕੂ ਆਦਿ, ਜੋ ਵੀ ਪਦਾਰਥ ਨਸ਼ੀਲੇ ਹਨ, ਉਨ੍ਹਾਂ ਨੂੰ ਕਦੇ ਵੀ ਨਾ ਖਾਓ, ਨਾ ਹੀ ਪੀਓ ਅਤੇ ਸਿਗਰਟ/ਬੀੜੀ ਪੀਣ ਦਾ ਵੀ ਤਿਆਗ ਕਰੋ। (27)

ਸਾਰੀਆਂ ਇਸਤਰੀਆਂ ਅਤੇ ਪੁਰਸ਼ ਹਰ ਤਰ੍ਹਾਂ ਦੇ ਜੂਏ ਅਤੇ ਵਿਭਚਾਰ ਦਾ ਸਦਾ ਲਈ ਤਿਆਗ ਕਰਨ। (28)

ਸਤਿਸੰਗੀ-ਜਨ ਮਾਸ, ਮੱਛੀ, ਆਂਡੇ ਅਤੇ ਪਿਆਜ਼, ਲੱਸਣ, ਹਿੰਗ ਕਦੇ ਵੀ ਨਾ ਖਾਣ। (29)

ਜਲ ਅਤੇ ਦੁੱਧ ਆਦਿ ਪੀਣ ਵਾਲੇ ਪਦਾਰਥ ਛਾਣੇ ਹੋਏ ਹੀ ਗ੍ਰਹਿਣ ਕਰਨ। ਜਿਹੜੀਆਂ ਖਾਣ ਵਾਲੀਆਂ ਵਸਤਾਂ ਅਤੇ ਪੀਣ ਵਾਲੇ ਪਦਾਰਥ ਅਸ਼ੁੱਧ ਹੋਣ, ਉਨ੍ਹਾਂ ਨੂੰ ਕਦੇ ਵੀ ਗ੍ਰਹਿਣ ਨਾ ਕਰਨ। (30)

ਸਤਿਸੰਗੀ-ਜਨ ਕਦੇ ਵੀ ਚੋਰੀ ਨਾ ਕਰਨ। ਧਰਮ ਲਈ ਵੀ ਕਦੇ ਚੋਰੀ ਵਾਲਾ ਕੰਮ ਨਾ ਕਰਨ। (31)

ਫੁੱਲ, ਫਲ ਆਦਿ ਵਸਤਾਂ ਵੀ ਉਨ੍ਹਾਂ ਦੇ ਮਾਲਕ ਦੀ ਆਗਿਆ ਦੇ ਬਿਨਾਂ ਨਾ ਲਓ। ਬਿਨਾਂ ਆਗਿਆ ਦੇ ਵਸਤ ਲੈਣਾ ਸੂਖਮ ਚੋਰੀ ਅਖਵਾਉਂਦਾ ਹੈ। (32)

ਮਨੁੱਖ, ਪਸ਼ੂ, ਪੰਛੀ ਅਤੇ ਖਟਮਲ ਆਦਿ ਕਿਸੇ ਵੀ ਜੀਵ-ਜੰਤੂ ਦੀ ਹਿੰਸਾ ਕਦੇ ਨਾ ਕਰੋ। ਅਹਿੰਸਾ ਪਰਮ ਧਰਮ ਹੈ, ਹਿੰਸਾ ਅਧਰਮ ਹੈ; ਅਜਿਹਾ ਸ਼ਰੁਤੀ- ਸਮ੍ਰਿਤੀ ਆਦਿ ਸ਼ਾਸਤਰਾਂ ਵਿਚ ਸਪੱਸ਼ਟ ਤੌਰ ’ਤੇ ਆਖਿਆ ਗਿਆ ਹੈ। (33-34)

ਸਤਿਸੰਗੀ ਯੱਗ ਦੇ ਲਈ ਵੀ ਬਕਰੇ ਆਦਿ ਨਿਰਦੋਸ਼ ਜੀਵਾਂ ਦੀ ਹਿੰਸਾ ਕਦੇ ਨਾ ਕਰਨ। (35)

ਜੇ ਯੱਗ ਆਦਿ ਕਰਨਾ ਹੋਵੇ, ਤਦ ਸੰਪਰਦਾਇ ਦੇ ਸਿਧਾਂਤ ਦੇ ਅਨੁਸਾਰ ਹਿੰਸਾ ਰਹਿਤ ਹੀ ਕਰੋ। (36)

ਯੱਗ ਦਾ ਸ਼ੇਸ਼ ਮੰਨ ਕੇ ਜਾਂ ਦੇਵਤਾ ਨੂੰ ਚੜ੍ਹਾਏ ਪ੍ਰਸਾਦ ਦੇ ਰੂਪ ਵਿਚ ਵੀ ਸਤਿਸੰਗੀ-ਜਨ ਮਾਸ ਕਦੇ ਨਾ ਖਾਣ। (37)

ਕਦੇ ਕਿਸੇ ਦੀ ਤਾੜਨਾ (ਕਸ਼ਟ ਆਦਿ ਦੇਣਾ) ਨਾ ਕਰੋ। ਬੁਰੇ ਸ਼ਬਦ ਕਹਿਣਾ, ਬੇਇੱਜ਼ਤ ਕਰਨਾ ਆਦਿ ਕਿਸੇ ਵੀ ਤਰ੍ਹਾਂ ਦੀ ਸੂਖਮ ਹਿੰਸਾ ਨਾ ਕਰੋ। (38)

ਧਨ, ਪਦਾਰਥ, ਸੱਤਾ, ਜੱਸ, ਇਸਤਰੀ, ਪੁਰਸ਼ ਆਦਿ ਦੀ ਪ੍ਰਾਪਤੀ ਲਈ ਅਤੇ ਮਾਣ, ਈਰਖਾ ਜਾਂ ਕ੍ਰੋਧ (ਗੁੱਸਾ) ਦੇ ਰੂਪ ਵਿਚ ਵੀ ਹਿੰਸਾ ਨਾ ਕਰੋ। (39)

ਮਨ ਤੋਂ, ਵਚਨ ਤੋਂ ਜਾਂ ਕਰਮ ਤੋਂ ਹਿੰਸਾ ਕਰਨ ਨਾਲ ਉਸ ਵਿਅਕਤੀ ਅੰਦਰ ਵੱਸ ਰਹੇ ਸ਼੍ਰੀਸੁਆਮੀ-ਨਾਰਾਇਣ ਭਗਵਾਨ ਦੁਖੀ ਹੁੰਦੇ ਹਨ। (40)

ਆਤਮ-ਹੱਤਿਆ ਵੀ ਹਿੰਸਾ ਹੀ ਹੈ। ਉਪਰੋਂ ਡਿੱਗਣਾ, ਫਾਂਸੀ ਲਾਉਣਾ, ਜ਼ਹਿਰ ਪੀਣਾ ਆਦਿ ਕਿਸੇ ਵੀ ਤਰ੍ਹਾਂ ਨਾਲ ਆਤਮ-ਹੱਤਿਆ ਕਦੇ ਨਾ ਕਰੋ। (41)

ਦੁੱਖ, ਸ਼ਰਮ, ਭੈਅ, ਗੁੱਸਾ, ਰੋਗ ਆਦਿ ਔਕੜਾਂ ਕਾਰਨ ਜਾਂ ਧਰਮ ਲਈ ਵੀ ਕੋਈ ਮਨੁੱਖ ਆਪਣੇ ਆਪ ਦੀ ਜਾਂ ਹੋਰ ਕਿਸੇ ਦੀ ਹੱਤਿਆ ਨਾ ਕਰੇ। (42)

ਮੁਮੁਕਸ਼ੁ (ਮੁਕਤੀ-ਜਾਚਕ)-ਜਨ ਤੀਰਥਾਂ ਵਿਚ ਵੀ ਕਦੇ ਆਤਮ-ਹੱਤਿਆ ਨਾ ਕਰਨ। ਮੋਕਸ਼ ਜਾਂ ਪੁੰਨ ਪ੍ਰਾਪਤ ਕਰਨ ਦੀ ਭਾਵਨਾ ਨਾਲ ਵੀ ਤੀਰਥਾਂ ਵਿਚ ਆਤਮ-ਹੱਤਿਆ ਕਦੇ ਨਾ ਕਰਨ। (43)

ਭਗਵਾਨ ਸਰਵ-ਕਰਤਾ ਹਨ, ਦਿਆਲੂ ਹਨ, ਸਾਰਿਆਂ ਦੇ ਰੱਖਿਅਕ ਹਨ ਅਤੇ ਉਹ ਹੀ ਸਦਾ ਮੇਰੇ ਸਾਰੇ ਸੰਕਟਾਂ ਦਾ ਨਾਸ਼ ਕਰਨ ਵਾਲੇ ਹਨ। (44)

ਭਗਵਾਨ ਜੋ ਵੀ ਕਰਦੇ ਹਨ, ਉਹ ਹਮੇਸ਼ਾ ਭਲੇ ਲਈ ਹੀ ਹੁੰਦਾ ਹੈ। ਉਨ੍ਹਾਂ ਦੀ ਇੱਛਾ ਹੀ ਮੇਰਾ ਭਾਗ ਹੈ। ਉਹ ਹੀ ਮੇਰੇ ਤਾਰਨਹਾਰ ਹਨ। (45)

ਮੇਰੀਆਂ ਅੜਚਨਾਂ (ਰੁਕਾਵਟਾਂ), ਪਾਪ, ਦੋਸ਼ ਅਤੇ ਔਗੁਣ ਜ਼ਰੂਰ ਨਸ਼ਟ ਹੋਣਗੇ। ਮੈਂ ਸ਼ਾਂਤੀ, ਸੁਖ ਅਤੇ ਪਰਮ ਆਨੰਦ ਨੂੰ ਜ਼ਰੂਰ ਪ੍ਰਾਪਤ ਕਰਾਂਗਾ। (46)

ਕਿਉਂਕਿ ਮੈਨੂੰ ਸਾਕਸ਼ਾਤ ਸ਼੍ਰੀਅਕਸ਼ਰਪੁਰਸ਼ੋਤਮ ਮਹਾਰਾਜ ਮਿਲੇ ਹਨ। ਉਨ੍ਹਾਂ ਦੀ ਤਾਕਤ ਨਾਲ ਮੈਂ ਨਿਸਚਿਤ ਤੌਰ ’ਤੇ ਹੀ ਦੁੱਖਾਂ ਨੂੰ ਪਾਰ ਕਰ ਜਾਵਾਂਗਾ। (47)

ਇਸ ਤਰ੍ਹਾਂ ਵਿਚਾਰ ਦਾ ਬਲ ਰੱਖ ਕੇ ਸ਼ਰਣ ਆਇਆ ਭਗਤ ਕਦੇ ਵੀ ਹਿੰਮਤ ਨਾ ਹਾਰੇ ਅਤੇ ਭਗਵਾਨ ਦੀ ਸ਼ਕਤੀ ਨਾਲ ਹਮੇਸ਼ਾ ਆਨੰਦ ਵਿਚ ਰਹੇ। (48)

ਸ਼ਾਸਤਰ ਵਿਚ ਮਨਾਹੀ ਅਤੇ ਲੋਕ-ਵਰਜਿਤ ਥਾਂਵਾਂ ਵਿਚ ਕਦੇ ਨਾ ਥੁੱਕੋ ਅਤੇ ਮਲ-ਮੂਤਰ ਆਦਿ ਨਾ ਕਰੋ। (49)

ਸਾਰੇ ਤਰ੍ਹਾਂ ਦੀ ਬਾਹਰੀ ਅਤੇ ਅੰਦਰੂਨੀ ਸ਼ੁੱਧੀ (ਪਵਿੱਤਰਤਾ) ਦਾ ਸਦਾ ਪਾਲਣ ਕਰੋ। ਸ਼੍ਰੀਹਰੀ ਨੂੰ ਸ਼ੁੱਧੀ ਪਿਆਰੀ ਹੈ ਅਤੇ ਸ਼ੁੱਧੀ ਵਾਲੇ ਮਨੁੱਖ ’ਤੇ ਉਹ ਪ੍ਰਸੰਨ ਹੁੰਦੇ ਹਨ। (50)

ਸਤਿਸੰਗੀ ਸਦਾ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣ। ਉਸ ਤੋਂ ਬਾਅਦ ਇਸ਼ਨਾਨ ਆਦਿ ਕਰ ਕੇ ਸ਼ੁੱਧ ਕੱਪੜੇ ਧਾਰਨ ਕਰਨ। (51)

ਉਸ ਤੋਂ ਬਾਅਦ ਪੂਰਬ ਜਾਂ ਉੱਤਰ ਦਿਸ਼ਾ ਵਲ ਮੂੰਹ ਕਰ ਕੇ, ਸ਼ੁੱਧ ਆਸਨ ’ਤੇ ਬੈਠ ਕੇ ਨਿੱਤ ਪੂਜਾ ਕਰਨ। (52)

ਸੁਆਮੀਨਾਰਾਇਣ ਮੰਤਰ ਜਪਦੇ ਹੋਏ ਅਤੇ ਗੁਰੂ ਦਾ ਸਿਮਰਨ ਕਰਦੇ ਹੋਏ, ਮੱਥੇ ’ਤੇ ਭਗਵਾਨ ਦੀ ਪੂਜਾ ਵਿਚ ਵਰਤੇ ਚੰਦਨ ਨਾਲ ਲੰਬਾ ਤਿਲਕ ਲਾਓ ਅਤੇ ਕੁਮਕੁਮ ਨਾਲ ਚੰਦਰਕ (ਟਿੱਕਾ) ਲਾਓ ਅਤੇ ਛਾਤੀ ਤੇ ਦੋਨੋਂ ਬਾਂਹਾਂ ’ਤੇ ਚੰਦਨ ਦਾ ਤਿਲਕ ਤੇ ਟਿੱਕਾ ਲਾਓ। (53-54)

ਇਸਤਰੀਆਂ ਭਗਵਾਨ ਅਤੇ ਗੁਰੂ ਦਾ ਸਿਮਰਨ ਕਰਦੇ ਹੋਏ ਮੱਥੇ ’ਤੇ ਕੇਵਲ ਕੁਮਕੁਮ ਦਾ ਟਿੱਕਾ ਲਾਉਣ, ਤਿਲਕ ਨਾ ਲਾਉਣ। (55)

ਉਸ ਤੋਂ ਬਾਅਦ ਸਤਿਸੰਗ ਦੀ ਸ਼ਰਣ ਆਇਆ ਭਗਤ ਪੂਜਾ ਦੇ ਅਧਿਕਾਰ ਲਈ ਭਗਵਾਨ ਦੇ ਪ੍ਰਤਾਪ ਦਾ ਚਿੰਤਨ ਕਰਦੇ ਹੋਏ ਆਤਮ-ਵਿਚਾਰ ਕਰੇ। ਪ੍ਰਸੰਨ-ਚਿੱਤ ਹੋ ਕੇ ਭਗਤੀ-ਭਾਵ ਨਾਲ ‘ਅਕਸ਼ਰਮ ਅਹੰਮ ਪੁਰਸ਼ੋਤਮਦਾਸੋਸਮੀ’2 ਇਸ ਪਵਿੱਤਰ ਮੰਤਰ ਦਾ ਉਚਾਰਨ ਕਰੇ। ਆਪਣੀ ਆਤਮਾ ਵਿਚ ਅਕਸ਼ਰਬ੍ਰਹਮ ਦੀ ਵਿਭਾਵਨਾ ਕਰੇ ਅਤੇ ਸ਼ਾਂਤ ਤੇ ਇਕਾਗਰ-ਚਿੱਤ ਹੋ ਕੇ ਮਾਨਸੀ ਪੂਜਾ ਕਰੇ। (56-58)

ਭਗਵਾਨ ਅਤੇ ਬ੍ਰਹਮਸਰੂਪ ਗੁਰੂ ਹੀ ਮੁਕਤੀ-ਦਾਤਾ ਹਨ। ਉਨ੍ਹਾਂ ਦਾ ਹੀ ਧਿਆਨ ਅਤੇ ਮਾਨਸੀ ਪੂਜਾ ਕਰੋ। (59)

ਉਸ ਤੋਂ ਬਾਅਦ ਭਗਤੀ-ਭਾਵ ਨਾਲ ਪਵਿੱਤਰ ਕੱਪੜੇ ’ਤੇ ਚਿੱਤਰਾਂ ਨੂੰ ਇਸ ਤਰ੍ਹਾਂ ਸਥਾਪਤ ਕਰੋ ਕਿ ਉਨ੍ਹਾਂ ਦਾ ਵਧੀਆ ਢੰਗ ਨਾਲ ਦਰਸ਼ਨ ਹੋਵੇ। (60)

    ਇਸ ਵਿਚ ਵਿਚਕਾਰ ਅਕਸ਼ਰ ਅਤੇ ਪੁਰਸ਼ੋਤਮ ਦੀ ਮੂਰਤੀ ਸਥਾਪਤ ਕਰੋ ਅਰਥਾਤ ਗੁਣਾਤੀਤਾਨੰਦ ਸੁਆਮੀ ਅਤੇ ਉਨ੍ਹਾਂ ਤੋਂ ਪਰ੍ਹੇ ਅਜਿਹੇ ਮਹਾਰਾਜ ਨੂੰ ਸਥਾਪਤ ਕਰੋ। (61)

ਉਸ ਤੋਂ ਬਾਅਦ ਪ੍ਰਮੁਖਸੁਆਮੀ ਜੀ ਮਹਾਰਾਜ-ਤਕ ਹਰੇਕ ਗੁਰੂ ਦੀ ਮੂਰਤੀ ਸਥਾਪਤ ਕਰੋ ਅਤੇ ਜਿਹੜੇ ਗੁਰੂਆਂ ਦੀ ਆਪ ਨੇ ਪ੍ਰਤੱਖ ਸੇਵਾ ਕੀਤੀ ਹੋਵੇ, ਉਨ੍ਹਾਂ ਗੁਰੂਆਂ ਦੀਆਂ ਮੂਰਤੀਆਂ ਸਥਾਪਤ ਕਰੋ। (62)

ਉਸ ਦੇ ਬਾਅਦ ਆਹਵਾਨ ਸ਼ਲੋਕ ਬੋਲ ਕੇ ਭਗਵਾਨ ਅਤੇ ਗੁਰੂਆਂ ਦਾ ਆਹਵਾਨ ਕਰੋ। ਦੋਨੋਂ ਹੱਥ ਜੋੜ ਕੇ ਦਾਸ-ਭਾਵ ਨਾਲ ਨਮਸਕਾਰ ਕਰੋ। (63)

ਆਹਵਾਨ ਮੰਤਰ ਇਸ ਤਰ੍ਹਾਂ ਹੈ—

ਉਤਿੱਸ਼ਠ ਸਹਿਜਾਨੰਦ ਸ਼੍ਰੀਹਰੇ ਪੁਰਸ਼ੋਤਮ।

ਗੁਣਾਤੀਤ ਅਕਸ਼ਰ ਬ੍ਰਹਮਨ ਉਤਿੱਸ਼ਠ ਕ੍ਰਿਪਯਾ ਗੁਰੋ॥

ਆਗਮਯਤਾਮ ਹਿ ਪੂਜਾਰਥਮ ਆਗਮਯਤਾਮ ਮਦਾਤਮਤਹ।

ਸਾਨਿਨਧਯਾਦ ਦਰਸ਼ਨਾਦ ਦਿਵਯਾਤ ਸੌਭਾਗਯਮ ਵਰਧਤੇ ਮਮ ॥3 (64-65)

ਉਸ ਤੋਂ ਬਾਅਦ ਅਡੋਲ ਮਨ ਨਾਲ ਮਹਿਮਾਪੂਰਵਕ ਮੂਰਤੀਆਂ ਦੇ ਦਰਸ਼ਨ ਕਰਦੇ-ਕਰਦੇ ਸੁਆਮੀਨਾਰਾਇਣ ਮੰਤਰ ਦਾ ਜਾਪ ਕਰਦੇ ਹੋਏ ਮਾਲਾ ਫੇਰੋ। ਫੇਰ ਉਸ ਤੋਂ ਬਾਅਦ ਇਕ ਪੈਰ ਉੱਤੇ ਖੜੇ ਹੋ ਕੇ, ਹੱਥ ਉੱਪਰ ਚੁੱਕ ਕੇ ਮੂਰਤੀਆਂ ਦੇ ਦਰਸ਼ਨ ਕਰਦੇ ਹੋਏ ਤਪ ਦੀ ਮਾਲਾ ਫੇਰੋ। (66-67)

ਉਸ ਤੋਂ ਬਾਅਦ ਸਾਰਿਆਂ ਦੇ ਕੇਂਦਰ ਸਮਾਨ ਅਤੇ ਸਭ ਥਾਂ ਵਿਆਪਕ ਅਕਸ਼ਰਪੁਰਸ਼ੋਤਮ ਮਹਾਰਾਜ ਦਾ ਚਿੰਤਨ ਕਰਦੇ ਹੋਏ ਮੂਰਤੀਆਂ ਦੀ ਪਰਿਕਰਮਾ ਕਰੋ। (68)

ਉਸ ਤੋਂ ਬਾਅਦ ਦਾਸ-ਭਾਵ ਨਾਲ ਪੁਰਸ਼ ਸਾਸ਼ਟਾਂਗ ਡੰਡਉਤ (ਜ਼ਮੀਨ ’ਤੇ ਲੇਟ ਕੇ) ਪ੍ਰਣਾਮ ਕਰਨ ਅਤੇ ਇਸਤਰੀਆਂ ਬੈਠ ਕੇ ਪੰਚਾਂਗ ਪ੍ਰਣਾਮ ਕਰਨ। (69)

ਜੇ ਕਿਸੇ ਭਗਤ ਦਾ ਦ੍ਰੋਹ (ਅਪਰਾਧ) ਹੋਇਆ ਹੋਵੇ ਤਾਂ ਉਸਦੇ ਨਿਵਾਰਨ ਲਈ ਖਿਮਾ-ਜਾਚਨਾਪੂਰਵਕ ਹਰ ਦਿਨ ਇਕ ਡੰਡਉਤ ਪ੍ਰਣਾਮ ਜ਼ਿਆਦਾ ਕਰੋ। (70)

ਉਸ ਤੋਂ ਬਾਅਦ ਸ਼ੁੱਭ ਸੰਕਲਪਾਂ (ਨਿਸਚਿਆਂ/ਇੱਛਾਵਾਂ) ਨੂੰ ਪੂਰਾ ਕਰਨ ਲਈ ਸੁਆਮੀਨਾਰਾਇਣ ਮੰਤਰ ਜਪਦੇ ਹੋਏ ਦੈਵੀ-ਭਾਵ ਅਤੇ ਭਗਤੀ ਨਾਲ ਪ੍ਰਾਰਥਨਾ ਕਰੋ। (71)

ਇਸ ਤਰ੍ਹਾਂ ਭਗਤੀ-ਭਾਵ ਨਾਲ ਪੂਜਾ ਕਰ ਕੇ ਪੁਨਰਾਗਮਨ ਮੰਤਰ ਦੁਆਰਾ ਅਕਸ਼ਰਪੁਰਸ਼ੋਤਮ ਮਹਾਰਾਜ ਨੂੰ ਆਪਣੀ ਆਤਮਾ ਵਿਚ ਸਥਾਪਤ ਕਰੋ। (72)

ਪੁਨਰਾਗਮਨ ਮੰਤਰ ਇਸ ਤਰ੍ਹਾਂ ਹੈ—

ਭਕਤਯੈਵ ਦਿਵਯਭਾਵੇਨ ਪੂਜਾ ਤੇ ਸਮਨੁਸ਼ਠਿਤਾ ।

ਗਚਛਾਥ ਤਵਮ ਮਦਾਤਮਾਨਮ ਅਕਸ਼ਰਪੁਰਸ਼ੋਤਮ ॥ (73)

ਉਸ ਤੋਂ ਬਾਅਦ ਸਤਿਸੰਗ ਦੀ ਦ੍ਰਿੜ੍ਹਤਾ ਲਈ ਜਿਸ ਸ਼ਾਸਤਰ ਵਿਚ ਸ਼੍ਰੀਹਰੀ ਅਤੇ ਗੁਰੂ ਦੇ ਆਦੇਸ਼ ਅਤੇ ਉਪਦੇਸ਼ ਸ਼ਾਮਲ ਹੋਣ, ਉਸ ਸ਼ਾਸਤਰ ਨੂੰ ਨਿੱਤ ਪੜ੍ਹੋ। (74)

ਉਸ ਤੋਂ ਬਾਅਦ ਆਦਰ ਅਤੇ ਨਿਮਰਤਾ-ਭਾਵ ਨਾਲ ਭਗਤਾਂ ਨੂੰ ਪ੍ਰਣਾਮ ਕਰੋ। ਇਸ ਤਰ੍ਹਾਂ ਪੂਜਾ ਕਰਨ ਦੇ ਬਾਅਦ ਹੀ ਆਪਣਾ ਵਿਹਾਰਕ ਕੰਮ ਕਰੋ। (75)

ਪੂਜਾ ਕੀਤੇ ਬਿਨਾਂ ਭੋਜਨ ਨਾ ਕਰੋ ਅਤੇ ਜਲ ਆਦਿ ਵੀ ਨਾ ਪੀਓ। ਯਾਤਰਾ ਦੌਰਾਨ ਵੀ ਪੂਜਾ ਦਾ ਤਿਆਗ ਨਾ ਕਰੋ। (76)

ਬਿਰਧ ਅਵਸਥਾ, ਰੋਗ ਆਦਿ ਅਤੇ ਹੋਰ ਔਕੜ (ਬਿਪਦਾ) ਦੇ ਕਾਰਨ ਆਪ ਪੂਜਾ ਕਰਨ ਵਿਚ ਅਸਮਰੱਥ ਹੋਵੋ ਤਾਂ ਹੋਰ ਕਿਸੇ ਤੋਂ ਉਹ ਪੂਜਾ ਕਰਵਾਓ। (77)

ਘਰ ਵਿਚ ਹਰੇਕ ਸਤਿਸੰਗੀ ਆਪਣੀ ਸੁਤੰਤਰ ਪੂਜਾ ਰੱਖੇ। ਪੁੱਤਰ ਜਾਂ ਪੁੱਤਰੀ ਦਾ ਜਨਮ ਹੋਵੇ, ਤਾਂ ਉਸੇ ਦਿਨ ਤੋਂ ਆਪਣੀ ਔਲਾਦ ਲਈ ਪੂਜਾ-ਸਮੱਗਰੀ ਲੈ ਲਓ। (78)

ਨਿੱਤ ਭਗਤੀ, ਪ੍ਰਾਰਥਨਾ ਅਤੇ ਸਤਿਸੰਗ ਲਈ ਸਾਰੇ ਸਤਿਸੰਗੀ ਘਰ ਵਿਚ ਸੋਹਣੇ ਮੰਦਰ ਸਥਾਪਤ ਕਰਨ। ਉਸ ਵਿਚ ਭਗਤੀ-ਭਾਵ ਨਾਲ ਵਿਧੀ-ਪੂਰਵਕ ਅਕਸ਼ਰ-ਪੁਰਸ਼ੋਤਮ ਅਤੇ ਗੁਣਾਤੀਤ ਗੁਰੂ ਪਰੰਪਰਾ ਦੀਆਂ ਮੂਰਤੀਆਂ ਸਥਾਪਤ ਕਰਨ। (79-80)

ਸਾਰੇ ਸਤਿਸੰਗੀ-ਜਨ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਘਰ-ਮੰਦਰ ਵਿਚ ਆਰਤੀ ਅਤੇ ਜੱਸ-ਗਾਇਨ (ਸਤੁਤੀ) ਕਰਨ। (81)

ਆਰਤੀ ਦੇ ਸਮੇਂ ਅਡੋਲ ਮਨ ਨਾਲ ਭਗਤੀਪੂਰਵਕ ਤਾੜੀ ਵਜਾਉਂਦੇ ਹੋਏ ਉੱਚੀ ਸੁਰ ਨਾਲ ‘ਜਯ ਸੁਆਮੀ-ਨਾਰਾਇਣ ਜਯ ਅਕਸ਼ਰਪੁਰਸ਼ੋਤਮ...’ ਇਸ ਤਰ੍ਹਾਂ ਆਰਤੀ ਦਾ ਗਾਇਨ ਕਰਨ। (82)

ਜਿਹੜਾ ਭੋਜਨ ਬਣਾਇਆ ਹੋਵੇ, ਉਸਨੂੰ ਘਰ-ਮੰਦਰ ਵਿਚ ਭੇਟਾ (ਥਾਲ) ਕਰਨ। ਉਸ ਤੋਂ ਬਾਅਦ ਭਗਤੀ-ਭਾਵ ਨਾਲ ਪ੍ਰਾਰਥਨਾ ਬੋਲ ਕੇ ਪ੍ਰਸਾਦ ਆਦਿ ਗ੍ਰਹਿਣ ਕਰਨ। (83)

ਭਗਵਾਨ ਨੂੰ ਅਰਪਣ ਕੀਤੇ ਬਿਨਾਂ ਅੰਨ, ਫਲ਼, ਜਲ ਆਦਿ ਗ੍ਰਹਿਣ ਨਾ ਕਰੋ। ਜਿਸਦੀ ਸ਼ੁੱਧੀ ਦੇ ਵਿਸ਼ੇ ਵਿਚ ਸੰਦੇਹ ਹੋਵੇ, ਉਸ ਅੰਨ ਆਦਿ ਨੂੰ ਭਗਵਾਨ ਨੂੰ ਭੇਟਾ ਨਾ ਕਰੋ ਅਤੇ ਨਾ ਖਾਓ। (84)

ਘਰ-ਮੰਦਰ ਵਿਚ ਬੈਠ ਕੇ ਅਡੋਲ ਮਨ ਨਾਲ ਭਾਵ-ਪੂਰਵਕ ਕੀਰਤਨ, ਜਪ ਜਾਂ ਸਿਮਰਨ ਆਦਿ ਆਪਣੀ ਰੁਚੀ ਅਨੁਸਾਰ ਕਰਨ। (85)

ਘਰ ਦੇ ਜੀਅ ਇਕੱਠੇ ਹੋ ਕੇ ਹਰ ਰੋਜ਼ ਘਰ ਵਿਚ ਘਰ-ਸਭਾ ਕਰਨ ਅਤੇ ਉਸ ਵਿਚ ਭਜਨ, ਗੋਸ਼ਟੀ, ਸ਼ਾਸਤਰਾਂ ਦਾ ਅਧਿਐਨ ਆਦਿ ਕਰਨ। (86)

ਸ਼੍ਰੀਹਰੀ ਨੇ ਸ਼ੁੱਧ ਉਪਾਸਨਾ-ਭਗਤੀ ਦੀ ਪ੍ਰੋੜ੍ਹਤਾ (ਪੁਸ਼ਟੀ) ਅਤੇ ਰੱਖਿਆ ਲਈ ਮੰਦਰ-ਨਿਰਮਾਣ-ਰੂਪ ਭਗਤੀ ਦੀ ਪਰੰਪਰਾ ਚਲਾਈ ਹੈ ਅਤੇ ਭਗਵਾਨ ਦੇ ਨਾਲ ਉਨ੍ਹਾਂ ਦੇ ਉੱਤਮ ਭਗਤ ਅਕਸ਼ਰਬ੍ਰਹਮ ਦੀ ਭਗਵਾਨ ਦੇ ਸਮਾਨ ਹੀ ਸੇਵਾ ਕਰਨ ਦੀ ਆਗਿਆ ਦਿੱਤੀ ਹੈ। (87-88)

ਅਕਸ਼ਰਬ੍ਰਹਮ ਭਗਵਾਨ ਦੇ ਉੱਤਮ ਭਗਤ ਹਨ, ਕਿਉਂਕਿ ਉਹ ਨਿੱਤ ਮਾਇਆ ਤੋਂ ਦੂਰ ਹਨ ਅਤੇ ਨਿੱਤ ਭਗਵਾਨ ਦੀ ਸੇਵਾ ਵਿਚ ਲੀਨ ਹਨ। (89)

ਉਸ ਆਗਿਆ (ਪਰਬ੍ਰਹਮ ਦੇ ਨਾਲ ਅਕਸ਼ਰਬ੍ਰਹਮ ਦੀ ਸਮਾਨ ਸੇਵਾ ਕਰਨ ਦੀ) ਅਨੁਸਾਰ, ਸਾਰਿਆਂ ਦਾ ਕਲਿਆਣ ਕਰਨ ਲਈ ਦੈਵੀ ਮੰਦਰਾਂ ਦਾ ਨਿਰਮਾਣ ਭਗਤੀ-ਪੂਰਵਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਮੱਧ-ਖੰਡ ਵਿਚ ਪੁਰਸ਼ੋਤਮ ਭਗਵਾਨ ਦੀ ਮੂਰਤੀ ਦੇ ਨਾਲ ਅਕਸ਼ਰਬ੍ਰਹਮ ਦੀ ਮੂਰਤੀ ਵੀ ਵਿਧੀ-ਪੂਰਵਕ ਸਥਾਪਤ ਕੀਤੀ ਜਾਂਦੀ ਹੈ। (90-91)

ਉਸੇ ਤਰ੍ਹਾਂ ਘਰ ਆਦਿ ਸਥਾਨਾਂ ਵਿਚ ਬਣੇ ਮੰਦਰਾਂ ਵਿਚ ਵੀ ਵਿਚਕਾਰ ਨਿੱਤ ਅਕਸ਼ਰਬ੍ਰਹਮ ਸਹਿਤ ਪੁਰਸ਼ੋਤਮ ਭਗਵਾਨ ਨੂੰ ਸਥਾਪਤ ਕੀਤਾ ਜਾਂਦਾ ਹੈ। (92)

ਸਾਰੇ ਸਤਿਸੰਗੀ ਸਵੇਰੇ, ਸ਼ਾਮ ਨੂੰ ਜਾਂ ਆਪਣੇ ਅਨੁਕੂਲ ਸਮੇਂ ’ਤੇ ਹਰ ਰੋਜ਼ ਭਗਤੀਪੂਰਵਕ ਨੇੜਲੇ ਮੰਦਰ ਵਿਚ ਦਰਸ਼ਨ ਕਰਨ ਜਾਣ। (93)

ਸਾਰੇ ਸਤਿਸੰਗੀ ਨਰ-ਨਾਰੀ ਹਮੇਸ਼ਾ ਜਿਸ ਤਰ੍ਹਾਂ ਆਪਣੇ ਧਰਮ ਦੀ ਰੱਖਿਆ ਹੋਵੇ, ਉਸੇ ਤਰ੍ਹਾਂ ਵਸਤਰ ਧਾਰਨ ਕਰਨ। (94)

ਸਤਿਸੰਗ ਦੀ ਦ੍ਰਿੜ੍ਹਤਾ ਲਈ ਹਰ ਹਫ਼ਤੇ ਨੇੜਲੇ ਮੰਦਰ ਜਾਂ ਮੰਡਲ ਵਿਚ ਸਤਿਸੰਗ-ਸਭਾ ਲਈ ਜਾਣ। (95)

ਅਕਸ਼ਰ-ਅਧਿਪਤੀ ਭਗਵਾਨ ਸ਼੍ਰੀਸੁਆਮੀਨਾਰਾਇਣ ਸਾਕਸ਼ਾਤ (ਪ੍ਰਤੱਖ) ਪਰਮਾਤਮਾ ਪਰਬ੍ਰਹਮ ਪੁਰਸ਼ੋਤਮ ਸ਼੍ਰੀਹਰੀ ਹਨ। (96)

ਇਕ-ਮਾਤਰ ਉਹ ਹੀ ਹਮੇਸ਼ਾ ਸਾਡੇ ਪਰਮ ਪੂਜਣ-ਯੋਗ ਇਸ਼ਟ-ਦੇਵ ਹਨ। ਉਨ੍ਹਾਂ ਦੀ ਹੀ ਅਨਿਨ ਭਾਵ ਨਾਲ ਸਦਾ ਭਗਤੀ ਕਰੋ। (97)

ਗੁਣਾਤੀਤਾਨੰਦ ਸੁਆਮੀ ਸਾਕਸ਼ਾਤ ਸਨਾਤਨ ਅਕਸ਼ਰਬ੍ਰਹਮ ਹਨ। ਉਸ ਅਕਸ਼ਰਬ੍ਰਹਮ ਦੀ ਪਰੰਪਰਾ ਅੱਜ ਵੀ ਮੌਜੂਦ ਹੈ। (98)

ਸੰਪਰਦਾਇ ਵਿਚ ਗੁਣਾਤੀਤਾਨੰਦ ਸੁਆਮੀ ਤੋਂ ਸ਼ੁਰੂ ਹੋਈ ਗੁਰੂ-ਪਰੰਪਰਾ ਵਿਚ ਸਥਿਤ ਪ੍ਰਗਟ ਅਕਸ਼ਰਬ੍ਰਹਮ ਹੀ ਇਕ-ਮਾਤਰ ਸਾਡੇ ਗੁਰੂ ਹਨ। (99)

ਸਾਡੇ ਇਸ਼ਟ-ਦੇਵ ਇਕ ਹੀ ਹਨ, ਗੁਰੂ ਇਕ ਹੀ ਹਨ ਅਤੇ ਸਿਧਾਂਤ ਵੀ ਇਕ ਹੀ ਹੈ। ਇਸ ਤਰ੍ਹਾਂ ਸਾਡੀ ਸਦਾ ਏਕਤਾ ਹੈ। (100)

ਅਜਿਹਾ ਸਮਝਿਆ ਜਾਵੇ ਕਿ ਦੈਵੀ ਅਕਸ਼ਰਪੁਰਸ਼ੋਤਮ ਸਿਧਾਂਤ ਬ੍ਰਹਮ-ਵਿੱਦਿਆ-ਰੂਪ, ਵੈਦਿਕ ਅਤੇ ਸਨਾਤਨ ਹੈ। (101)

ਮੁਮੁਕਸ਼ੁ (ਮੁਕਤੀ-ਜਾਚਕ) ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜੀਵ, ਈਸ਼ਵਰ, ਮਾਇਆ, ਅਕਸ਼ਰਬ੍ਰਹਮ ਅਤੇ ਪਰਬ੍ਰਹਮ, ਇਹ ਪੰਜ ਤੱਤ ਹਮੇਸ਼ਾ ਭਿੰਨ (ਵੱਖ) ਹਨ, ਨਿੱਤ ਹਨ ਅਤੇ ਸਤਿ (ਸੱਚ) ਹਨ—ਇਸ ਤਰ੍ਹਾਂ ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਆਪ ਸਪੱਸ਼ਟ ਸਿਧਾਂਤ ਭਲੀ-ਭਾਂਤ ਸਮਝਾ ਦਿੱਤਾ ਹੈ। (102-103)

ਉਸ ਵਿਚ ਅਕਸ਼ਰ ਅਤੇ ਪੁਰਸ਼ੋਤਮ ਇਹ ਦੋ ਹਮੇਸ਼ਾ ਮਾਇਆ ਤੋਂ ਪਰ੍ਹੇ ਹਨ ਅਤੇ ਉਨ੍ਹਾਂ ਦੇ ਯੋਗ ਨਾਲ ਜੀਵਾਂ ਅਤੇ ਈਸ਼ਵਰਾਂ ਦੀ ਮੁਕਤੀ ਹੁੰਦੀ ਹੈ। (104)

ਪਰਮਾਤਮਾ ਪਰਬ੍ਰਹਮ ਹਮੇਸ਼ਾ ਅਕਸ਼ਰਬ੍ਰਹਮ ਤੋਂ ਪਰ੍ਹੇ ਹਨ ਅਤੇ ਅਕਸ਼ਰਬ੍ਰਹਮ ਵੀ ਦਾਸ-ਭਾਵ ਨਾਲ ਸਦਾ ਉਨ੍ਹਾਂ ਦੀ ਸੇਵਾ ਕਰਦੇ ਹਨ। (105)

ਪਰਮਾਤਮਾ ਸਦਾ ਸਰਵ-ਕਰਤਾ, ਸਾਕਾਰ, ਸਰਵ-ਉੱਚ ਹਨ ਅਤੇ ਮੁਮੁਕਸ਼ੁਆਂ ਦੀ ਮੁਕਤੀ ਲਈ ਸਦਾ ਪ੍ਰਗਟ ਰਹਿੰਦੇ ਹਨ। (106)

ਅਕਸ਼ਰਬ੍ਰਹਮ-ਸਰੂਪ ਗੁਰੂ ਦੁਆਰਾ ਭਗਵਾਨ ਆਪਣੇ ਸੰਪੂਰਨ ਈਸ਼ਵਰੀ ਗੁਣਾਂ ਦੇ ਨਾਲ, ਪਰਮ-ਆਨੰਦ ਪ੍ਰਦਾਨ ਕਰਦੇ ਹੋਏ ਸਦਾ ਪ੍ਰਗਟ ਰਹਿੰਦੇ ਹਨ। (107)

ਅਕਸ਼ਰਬ੍ਰਹਮ ਗੁਰੂ ਵਿਚ ਦ੍ਰਿੜ੍ਹ ਪ੍ਰੇਮ ਅਤੇ ਆਤਮ-ਬੁੱਧੀ ਕਰੋ। ਪ੍ਰਤੱਖ ਭਗਵਾਨ ਦੇ ਭਾਵ ਨਾਲ ਭਗਤੀ-ਪੂਰਵਕ ਉਨ੍ਹਾਂ ਦੀ ਸੇਵਾ ਅਤੇ ਧਿਆਨ ਕਰੋ। (108)

ਸੁਆਮੀਨਾਰਾਇਣ ਮੰਤਰ ਦੈਵੀ, ਅਲੌਕਿਕ ਅਤੇ ਸ਼ੁੱਭ ਮੰਤਰ ਹੈ। ਆਪ ਸ਼੍ਰੀਹਰੀ ਨੇ ਇਹ ਮੰਤਰ ਦਿੱਤਾ ਹੈ। ਸਾਰੇ ਭਗਤ ਉਸਦਾ ਜਾਪ ਕਰਨ। ਇਸ ਮੰਤਰ ਵਿਚ ‘ਸੁਆਮੀ’ਸ਼ਬਦ ਨੂੰ ਅਕਸ਼ਰਬ੍ਰਹਮ ਦਾ ਅਤੇ ‘ਨਾਰਾਇਣ’ਸ਼ਬਦ ਨੂੰ ਉਸ ਅਕਸ਼ਰਬ੍ਰਹਮ ਤੋਂ ਪਰ੍ਹੇ ਸਥਿਤ ਪਰਬ੍ਰਹਮ ਦਾ ਪ੍ਰਤੀਕ ਸਮਝਿਆ ਜਾਵੇ। (109-110)

ਇਹ ਸਿਧਾਂਤ ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਇਸ ਸੰਸਾਰ ਵਿਚ ਪ੍ਰਬੋਧਿਤ ਕੀਤਾ। ਗੁਣਾਤੀਤ ਗੁਰੂਆਂ ਨੇ ਇਸਨੂੰ ਦਸਾਂ-ਦਿਸ਼ਾਵਾਂ ਵਿਚ ਫੈਲਾਇਆ। ਸ਼ਾਸਤਰੀਜੀ ਮਹਾਰਾਜ (ਸੁਆਮੀ ਯਗਯਪੁਰਸ਼ਦਾਸਜੀ) ਨੇ ਇਸ ਨੂੰ ਮੂਰਤੀਮਾਨ ਕੀਤਾ। ਗੁਰੂਆਂ ਦੇ ਜੀਵਨ-ਚਰਿੱਤਰ ਗ੍ਰੰਥਾਂ ਵਿਚ ਇਸਦੀ ਪੁਨਰ ਦ੍ਰਿੜ੍ਹਤਾ ਕਰਾਈ ਗਈ। ਗੁਰੂਹਰੀ ਪ੍ਰਮੁਖਸੁਆਮੀਜੀ ਮਹਾਰਾਜ ਨੇ ਇਸਨੂੰ ਆਪਣੇ ਹਸਤਾਖਰ ਨਾਲ ਲਿਖ ਕੇ ਸਥਿਰ ਕੀਤਾ।5 ਸਾਕਸ਼ਾਤ ਗੁਰੂ ਦੇ ਪ੍ਰਸੰਗ ਨਾਲ ਇਸ ਸਿਧਾਂਤ ਨੂੰ ਜੀਵਨ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੁਕਤੀ ਦੇਣ ਵਾਲੇ ਸਨਾਤਨ ਸਿਧਾਂਤ ਨੂੰ ਹੀ ਦੈਵੀ ‘ਅਕਸ਼ਰਪੁਰਸ਼ੋਤਮ ਦਰਸ਼ਨ’ ਕਿਹਾ ਜਾਂਦਾ ਹੈ। (111-114)

ਅਜਿਹੇ ਪਰਮ ਦੈਵੀ ਸਿਧਾਂਤ ਦਾ ਚਿੰਤਨ ਕਰਦੇ ਹੋਏ ਸ਼ਰਧਾਪੂਰਵਕ ਆਨੰਦ ਅਤੇ ਉਤਸ਼ਾਹ ਨਾਲ ਸਤਿਸੰਗ ਕਰੋ। (115)

ਤਿੰਨਾਂ ਦੇਹਾਂ (ਸਰੀਰਾਂ) ਤੋਂ ਵਿਲੱਖਣ ਆਪਣੀ ਆਤਮਾ ਵਿਚ ਬ੍ਰਹਮਰੂਪ ਦੀ ਵਿਭਾਵਨਾ (ਚਿੰਤਨ) ਕਰ ਕੇ ਸਦਾ ਪਰਬ੍ਰਹਮ ਦੀ ਉਪਾਸਨਾ ਕਰੋ। (116)

ਅਕਸ਼ਰ-ਅਧਿਪਤੀ ਪਰਮਾਤਮਾ ਦੀ ਭਗਤੀ ਸਦਾ ਧਰਮ ਸਹਿਤ ਕਰੋ। ਧਰਮ ਤੋਂ ਰਹਿਤ ਭਗਤੀ ਕਦੇ ਨਾ ਕਰੋ। (117)

ਭਗਤੀ ਅਤੇ ਗਿਆਨ ਦੀ ਟੇਕ (ਆਸਰਾ) ਲੈ ਕੇ ਜਾਂ ਕਿਸੇ ਪੁਰਬ (ਉਤਸਵ) ਦੀ ਟੇਕ ਲੈ ਕੇ ਵੀ ਮਨੁੱਖ ਅਧਰਮ ਦਾ ਵਿਵਹਾਰ ਨਾ ਕਰੇ। (118)

ਤਿਉਹਾਰ ਵਿਚ ਵੀ ਭੰਗ, ਸ਼ਰਾਬ ਆਦਿ ਦਾ ਸੇਵਨ ਕਰਨਾ, ਜੂਆ ਆਦਿ ਖੇਡਣਾ, ਅਪਸ਼ਬਦ ਬੋਲਣਾ ਆਦਿ ਨਾ ਕਰੋ। (119)

ਪਰਬ੍ਰਹਮ ਅਤੇ ਅਕਸ਼ਰਬ੍ਰਹਮ ਦੇ ਇਲਾਵਾ ਕਿਤੇ ਹੋਰ ਪ੍ਰੇਮ ਨਾ ਹੋਣਾ ਹੀ ਵੈਰਾਗ ਹੈ। ਇਹ ਭਗਤੀ ਦਾ ਸਹਾਇਕ ਅੰਗ ਹੈ। (120)

ਨਿੰਦਾ, ਸ਼ਰਮ, ਭੈਅ ਜਾਂ ਹੋਰ ਰੁਕਾਵਟ ਆਉਣ ’ਤੇ ਵੀ ਸਤਿਸੰਗ, ਸ਼੍ਰੀਸੁਆਮੀਨਾਰਾਇਣ ਭਗਵਾਨ, ਉਨ੍ਹਾਂ ਦੀ ਭਗਤੀ ਅਤੇ ਗੁਰੂ ਦਾ ਤਿਆਗ ਕਦੇ ਨਾ ਕਰੋ। (121)

ਭਗਵਾਨ ਅਤੇ ਭਗਤਾਂ ਦੀ ਸੇਵਾ ਸ਼ੁੱਧ ਭਾਵ ਨਾਲ, ਆਪਣਾ ਵੱਡਾ ਸੁਭਾਗ ਮੰਨ ਕੇ ਆਪਣੀ ਮੁਕਤੀ ਲਈ ਕਰੋ। (122)

ਸਤਿਸੰਗ ਅਤੇ ਭਜਨ ਦੇ ਬਿਨਾਂ ਵਿਅਰਥ ਸਮਾਂ ਬਤੀਤ ਨਾ ਕਰੋ। ਆਲਸ ਅਤੇ ਬੇਪਰਵਾਹੀ (ਸਰੂਰ) ਆਦਿ ਦਾ ਸਦਾ ਲਈ ਤਿਆਗ ਕਰੋ। (123)

ਭਜਨ ਕਰਦੇ ਹੋਏ ਕਿਰਤ ਕਰੋ। ਆਗਿਆ ਦੇ ਅਨੁਸਾਰ ਕਿਰਤ ਕਰੋ। ਇਸ ਨਾਲ ਕਿਰਿਆ ਬੰਧਨਕਾਰੀ ਨਹੀਂ ਹੁੰਦੀ, ਕਿਰਿਆ ਭਾਰ (ਬੋਝ) ਨਹੀਂ ਲੱਗਦੀ ਅਤੇ ਕਿਰਤ ਕਰਨ ’ਤੇ ਵੀ ਹੰਕਾਰ ਨਹੀਂ ਆਉਂਦਾ। (124)

ਸੇਵਾ, ਕਥਾ, ਸਿਮਰਨ, ਧਿਆਨ, ਅਧਿਐਨ ਆਦਿ ਅਤੇ ਪਰਮਾਤਮਾ ਦੇ ਕੀਰਤਨ ਆਦਿ ਨਾਲ ਸਮੇਂ ਨੂੰ ਸਫਲ ਕਰੋ। (125)

ਸਤਿਸੰਗ ਦਾ ਆਸਰਾ ਆਪਣੇ ਔਗੁਣਾਂ ਨੂੰ ਦੂਰ ਕਰਨ, ਚੰਗੇ ਗੁਣਾਂ ਨੂੰ ਪ੍ਰਾਪਤ ਕਰਨ ਅਤੇ ਆਪਣੇ ਪਰਮ ਕਲਿਆਣ ਲਈ ਲਓ। (126)

ਭਗਵਾਨ ਸ਼੍ਰੀਸੁਆਮੀਨਾਰਾਇਣ ਅਤੇ ਗੁਣਾਤੀਤ ਗੁਰੂਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਸਦਾ ਸਤਿਸੰਗ ਦਾ ਆਸਰਾ ਲਓ। (127)

ਅਹੋ (ਹਾਂ ਜੀ) ! ਸਾਨੂੰ ਤਾਂ ਅਕਸ਼ਰ ਅਤੇ ਪੁਰਸ਼ੋਤਮ ਦੋਨੋਂ ਇੱਥੇ ਮਿਲੇ ਹਨ। ਉਨ੍ਹਾਂ ਦੀ ਪ੍ਰਾਪਤੀ ਦੇ ਖੁਮਾਰ (ਉਲਾਸ) ਨਾਲ ਸਤਿਸੰਗ ਦੇ ਆਨੰਦ ਦਾ ਸਦਾ ਅਨੁਭਵ ਕਰੋ। (128)

ਸੇਵਾ, ਭਗਤੀ, ਕਥਾ, ਧਿਆਨ, ਤਪ ਅਤੇ ਯਾਤਰਾ ਆਦਿ ਸਾਧਨ ਮਾਣ, ਹੰਕਾਰ, ਈਰਖਾ, ਮੁਕਾਬਲਾ ਅਤੇ ਦਵੇਸ਼ (ਦੁਸ਼ਮਣੀ) ਨਾਲ ਜਾਂ ਦੁਨਿਆਵੀ ਫਲ ਦੀ ਇੱਛਾ ਨਾਲ ਕਦੇ ਨਾ ਕਰੋ। ਪਰ ਸ਼ਰਧਾ ਦੇ ਨਾਲ, ਸ਼ੁੱਧ ਭਾਵ ਨਾਲ ਅਤੇ ਪਰਮਾਤਮਾ ਦੀ ਪ੍ਰਸੰਨਤਾ-ਪ੍ਰਾਪਤੀ ਲਈ ਕਰੋ। (129-130)

ਭਗਵਾਨ ਅਤੇ ਗੁਰੂ ਵਿਚ ਮਨੁੱਖੀ-ਭਾਵ ਨਾ ਦੇਖੋ ਕਿਉਂਕਿ ਅਕਸ਼ਰ ਅਤੇ ਪੁਰਸ਼ੋਤਮ ਦੋਨੋਂ ਮਾਇਆ ਤੋਂ ਪਰ੍ਹੇ ਹਨ, ਦੈਵੀ ਹਨ। (131)

ਪਰਮਾਤਮਾ ਅਤੇ ਗੁਰੂ ਵਿਚ ਭਰੋਸਾ ਦ੍ਰਿੜ੍ਹ ਕਰੋ, ਨਿਰਬਲਤਾ ਦਾ ਤਿਆਗ ਕਰੋ, ਧੀਰਜ ਧਾਰਨ ਕਰੋ ਅਤੇ ਪਰਮਾਤਮਾ ਦੇ ਬਲ ਦਾ ਅਧਾਰ ਰੱਖੋ। (132)

ਭਗਵਾਨ ਸ਼੍ਰੀਸੁਆਮੀਨਾਰਾਇਣ ਦੇ ਲੀਲ੍ਹਾ-ਚਰਿੱਤਰਾਂ ਨੂੰ ਸੁਣੋ, ਬਿਆਨ ਕਰੋ, ਪੜ੍ਹੋ, ਚਿੰਤਨ ਕਰੋ ਅਤੇ ਉਨ੍ਹਾਂ ਦਾ ਨਿਰੰਤਰ ਧਿਆਨ (ਨਿਦਿਧਆਸਨ) ਕਰੋ। (133)

ਮੁਮੁਕਸ਼ੁ (ਮੁਕਤੀ-ਜਾਚਕ) ਪ੍ਰਤੱਖ ਅਕਸ਼ਰਬ੍ਰਹਮ ਗੁਰੂ ਦਾ ਪ੍ਰਸੰਗ ਹਮੇਸ਼ਾ ਪਰਮ ਪ੍ਰੇਮ ਅਤੇ ਦੈਵੀ-ਭਾਵ ਨਾਲ ਕਰਨ। (134)

ਅਕਸ਼ਰਬ੍ਰਹਮ-ਸਰੂਪ ਗੁਰੂ ਵਿਚ ਦ੍ਰਿੜ੍ਹ ਪ੍ਰੇਮ ਹੀ ਬ੍ਰਹਮੀ ਅਵਸਥਾ ਅਤੇ ਭਗਵਾਨ ਨਾਲ ਮੇਲ ਦਾ ਸਾਧਨ ਹੈ। (135)

ਅਕਸ਼ਰਬ੍ਰਹਮ ਗੁਰੂ ਦੇ ਗੁਣਾਂ ਨੂੰ ਆਤਮਸਾਤ ਕਰਨ ਲਈ ਅਤੇ ਪਰਬ੍ਰਹਮ ਦੇ ਅਨੁਭਵ ਲਈ ਅਕਸ਼ਰਬ੍ਰਹਮ ਗੁਰੂ ਦੇ ਪ੍ਰਸੰਗਾਂ ਦਾ ਸਦਾ ਚਿੰਤਨ ਕਰੋ। (136)

ਮਨ, ਕਰਮ, ਵਚਨ ਤੋਂ ਗੁਰੂ-ਹਰੀ ਦੀ ਸਦਾ ਸੇਵਾ ਕਰੋ ਅਤੇ ਉਨ੍ਹਾਂ ਦੇ ਸਰੂਪ ਵਿਚ ਪ੍ਰਤੱਖ ਨਾਰਾਇਣ-ਸਰੂਪ ਦੀ ਭਾਵਨਾ (ਧਿਆਨ) ਕਰੋ। (137)

ਸਤਿਸੰਗੀ ਕਦੇ ਵੀ ਬਲ ਰਹਿਤ ਗੱਲ ਨਾ ਤਾਂ ਸੁਣਨ ਅਤੇ ਨਾ ਹੀ ਕਰਨ। ਸਦਾ ਉਤਸ਼ਾਹ ਭਰੀਆਂ ਗੱਲਾਂ ਕਰਨ। (138)

ਪ੍ਰੇਮ ਅਤੇ ਆਦਰ ਨਾਲ ਬ੍ਰਹਮ ਅਤੇ ਪਰਬ੍ਰਹਮ ਦੀ ਮਹਿਮਾ ਅਤੇ ਉਨ੍ਹਾਂ ਦੇ ਨਾਲ ਜੁੜੇ ਭਗਤਾਂ ਦੀ ਮਹਿਮਾ ਦੀਆਂ ਗੱਲਾਂ ਨਿਰੰਤਰ ਕਰੋ। (139)

ਮੁਮੁਕਸ਼ੁ, ਸਤਿਸੰਗੀ-ਜਨਾਂ ਵਿਚ ਸੁਹਿਰਦ-ਭਾਵ, ਦੈਵੀ-ਭਾਵ ਅਤੇ ਬ੍ਰਹਮ-ਭਾਵ ਰੱਖਣ। (140)

ਪਰਮਾਤਮਾ ਪਰਬ੍ਰਹਮ ਭਗਵਾਨ ਸ਼੍ਰੀਸੁਆਮੀਨਾਰਾਇਣ, ਅਕਸ਼ਰਬ੍ਰਹਮ-ਸਰੂਪ ਗੁਣਾਤੀਤ ਗੁਰੂ, ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਗਏ ਦੈਵੀ ਸਿਧਾਂਤ ਅਤੇ ਉਨ੍ਹਾਂ ਦੀ ਸ਼ਰਣ ਆਏ ਭਗਤਾਂ ਦਾ ਸਦਾ ਵਿਵੇਕ (ਸੂਝ-ਬੂਝ) ਸਹਿਤ ਪੱਖ ਰੱਖੇ। (141-142)

ਭਗਵਾਨ ਅਤੇ ਬ੍ਰਹਮ-ਸਰੂਪ ਗੁਰੂ ਦੀ ਆਗਿਆ ਦੀ ਸਦਾ ਪਾਲਣਾ ਕਰੋ। ਉਨ੍ਹਾਂ ਦੀ ਰੁਚੀ ਜਾਣ ਕੇ ਉਸਦੀ ਦ੍ਰਿੜ੍ਹਤਾ ਨਾਲ ਪਾਲਣਾ ਕਰੋ। ਆਲਸ ਆਦਿ ਦਾ ਤਿਆਗ ਕਰ ਕੇ ਉਨ੍ਹਾਂ ਦੀ ਆਗਿਆ ਦੀ ਪਾਲਣਾ ਤੁਰੰਤ ਕਰੋ। ਸਦਾ ਆਨੰਦ, ਉਤਸ਼ਾਹ ਅਤੇ ਮਹਿਮਾ ਦੇ ਨਾਲ ਉਨ੍ਹਾਂ ਨੂੰ ਪ੍ਰਸੰਨ ਕਰਨ ਦੇ ਭਾਵ ਨਾਲ ਆਗਿਆ ਦੀ ਪਾਲਣਾ ਕਰੋ। (143-144)

ਹਰ ਦਿਨ ਅਡੋਲ ਮਨ ਨਾਲ ਅੰਤਰ-ਦ੍ਰਿਸ਼ਟੀ (ਅੰਦਰੂਨੀ ਚਿੰਤਨ) ਕਰੋ ਕਿ ਮੈਂ ਇਸ ਸੰਸਾਰ ਵਿਚ ਕੀ ਕਰਨ ਆਇਆ ਹਾਂ ? ਅਤੇ ਕੀ ਕਰ ਰਿਹਾ ਹਾਂ ? (145)

ਅਕਸ਼ਰਰੂਪ ਹੋ ਕੇ ਮੈਂ ਪੁਰਸ਼ੋਤਮ ਦੀ ਭਗਤੀ ਕਰਾਂ’, ਇਸ ਤਰ੍ਹਾਂ ਹਰ ਦਿਨ ਆਪਣੇ ਲਕਸ਼ ਦਾ ਚਿੰਤਨ ਆਲਸ ਰਹਿਤ ਹੋ ਕੇ ਕਰੋ। (146)

ਇਹ ਸੁਆਮੀਨਾਰਾਇਣ ਭਗਵਾਨ ਸਰਵ-ਕਰਤਾ-ਧਰਤਾ ਹਨ, ਸਰਵਉੱਚ ਹਨ, ਸ੍ਰਿਸ਼ਟੀ ਨੂੰ ਚਲਾਉਣ ਵਾਲੇ ਹਨ। ਉਹ ਮੈਨੂੰ ਇੱਥੇ ਪ੍ਰਤੱਖ (ਸਾਕਸ਼ਾਤ) ਮਿਲੇ ਹਨ। ਇਸ ਲਈ ਮੈਂ ਧੰਨ ਹਾਂ, ਪਰਮ-ਭਾਗ ਵਾਲਾ ਹਾਂ, ਸ਼ੁਕਰ-ਗੁਜ਼ਾਰ ਹਾਂ, ਸ਼ੰਕਾ ਰਹਿਤ ਹਾਂ, ਨਿਸਚਿੰਤ ਹਾਂ ਅਤੇ ਸਦਾ ਸੁਖੀ ਹਾਂ। (147-148)

ਇਸ ਤਰ੍ਹਾਂ ਪਰਮਾਤਮਾ ਦੀ ਦੈਵੀ ਪ੍ਰਾਪਤੀ, ਉਨ੍ਹਾਂ ਦੀ ਮਹਿਮਾ ਅਤੇ ਉਨ੍ਹਾਂ ਦੀ ਪ੍ਰਸੰਨਤਾ ਦਾ ਚਿੰਤਨ ਹਰ ਦਿਨ ਸਥਿਰ ਮਨ ਨਾਲ ਕਰੋ। (149)

ਆਪਣੀ ਆਤਮਾ ਨੂੰ ਤਿੰਨਾਂ ਸਰੀਰਾਂ, ਤਿੰਨਾਂ ਅਵਸਥਾਵਾਂ ਅਤੇ ਤਿੰਨਾਂ ਗੁਣਾਂ ਤੋਂ ਵੱਖ ਸਮਝ ਕੇ, ਉਸਦੀ ਅਕਸ਼ਰਬ੍ਰਹਮ ਨਾਲ ਇਕ ਹੋਣ ਦੀ ਵਿਭਾਵਨਾ (ਚਿੰਤਨ) ਹਰ ਰੋਜ਼ ਕਰੋ। (150)

ਹਰ ਰੋਜ਼ ਸੰਸਾਰ ਦੀ ਨਾਸ਼ਵਾਨਤਾ ਦਾ ਵਿਚਾਰ ਕਰੋ ਅਤੇ ਆਪਣੀ ਆਤਮਾ ਦੀ ਨਿੱਤਤਾ ਅਤੇ ਸਚਿੱਦਾਨੰਦ-ਰੂਪਤਾ ਦਾ ਚਿੰਤਨ ਕਰੋ। (151)

ਅਜਿਹਾ ਸਮਝਿਆ ਜਾਵੇ ਕਿ ਜੋ ਹੋ ਗਿਆ ਹੈ, ਜੋ ਹੋ ਰਿਹਾ ਹੈ ਅਤੇ ਜੋ ਕੁਝ ਵੀ ਅੱਗੇ ਹੋਵੇਗਾ, ਉਹ ਸਭ ਭਗਵਾਨ ਸ਼੍ਰੀਸੁਆਮੀਨਾਰਾਇਣ ਦੀ ਇੱਛਾ ਨਾਲ ਮੇਰੇ ਹਿੱਤ ਲਈ ਹੀ ਹੈ। (152)

ਭਗਵਾਨ ਸ਼੍ਰੀਸੁਆਮੀਨਾਰਾਇਣ ਅਤੇ ਬ੍ਰਹਮ-ਸਰੂਪ ਗੁਰੂ ਨੂੰ ਭਰੋਸਾ ਅਤੇ ਭਗਤੀ-ਭਾਵ ਨਾਲ ਹਰ ਰੋਜ਼ ਅਰਦਾਸ ਕਰੋ। (153)

ਹੰਕਾਰ, ਈਰਖਾ, ਕਾਮ, ਕ੍ਰੋਧ ਆਦਿ ਦੋਸ਼ਾਂ (ਵਿਕਾਰਾਂ) ਦੀ ਪ੍ਰਬਲ ਭਾਵਨਾ ਦੇ ਸਮੇਂ ‘ਮੈਂ ਅਕਸ਼ਰ ਹਾਂ, ਪੁਰਸ਼ੋਤਮ ਦਾ ਦਾਸ ਹਾਂ’ ਇਸ ਤਰ੍ਹਾਂ ਸ਼ਾਂਤ ਮਨ ਨਾਲ ਚਿੰਤਨ ਕਰੋ। (154)

ਸਾਰੇ ਵਿਕਾਰਾਂ ਤੋਂ ਛੁਟਕਾਰਾ ਦੁਆਉਣ ਵਾਲੇ ਸਾਕਸ਼ਾਤ ਭਗਵਾਨ ਸ਼੍ਰੀਸੁਆਮੀਨਾਰਾਇਣ ਮੇਰੇ ਨਾਲ ਹਨ। ਇਸ ਤਰ੍ਹਾਂ ਉਨ੍ਹਾਂ ਦੇ ਬਲ ਨੂੰ ਧਾਰਨ ਕਰੋ। (155)

ਸਵੈ-ਧਰਮ ਦੀ ਸਦਾ ਪਾਲਣਾ ਕਰੋ। ਪਰ-ਧਰਮ ਦਾ ਤਿਆਗ ਕਰੋ। ਭਗਵਾਨ ਅਤੇ ਗੁਰੂ ਦੀ ਆਗਿਆ ਦੀ ਪਾਲਣਾ ਕਰਨਾ ਹੀ ਸਵੈ-ਧਰਮ ਹੈ; ਉਨ੍ਹਾਂ ਦੀ ਆਗਿਆ ਦੀ ਉਲੰਘਣਾ ਕਰ ਕੇ ਮਨ-ਚਾਹਿਆ ਵਿਵਹਾਰ ਕੀਤਾ ਜਾਏ ਤਾਂ ਉਸਨੂੰ ਵਿਵੇਕੀ (ਸੂਝਵਾਨ) ਮੁਮੁਕਸ਼ੁ ਪਰ-ਧਰਮ ਸਮਝਣ। (156-157)

ਜਿਹੜਾ ਕਰਮ ਫਲਦਾਇਕ ਹੋਣ ’ਤੇ ਵੀ ਭਗਤੀ ਵਿਚ ਰੁਕਾਵਟ ਹੋਵੇ, ਸਤਿਸੰਗ ਦੇ ਨਿਯਮ ਦੇ ਵਿਰੁੱਧ ਹੋਵੇ ਅਤੇ ਜਿਸਦੇ ਕਰਨ ਨਾਲ ਧਰਮ ਦਾ ਨਾਸ਼ ਹੁੰਦਾ ਹੋਵੇ, ਅਜਿਹਾ ਕਰਮ ਨਾ ਕਰੋ। (158)

ਉਮਰ, ਗਿਆਨ ਜਾਂ ਗੁਣਾਂ ਵਿਚ ਜਿਹੜੇ ਵੱਡੇ ਹੋਣ, ਉਨ੍ਹਾਂ ਨੂੰ ਆਦਰ ਸਹਿਤ ਪ੍ਰਣਾਮ ਕਰ ਕੇ ਉਨ੍ਹਾਂ ਦਾ ਮਧੁਰ (ਮਿੱਠੇ) ਬਚਨ ਆਦਿ ਨਾਲ ਹਰ ਉਚਿਤ ਸਨਮਾਨ ਕਰੋ। (159)

ਵਿਦਵਾਨਾਂ, ਵੱਡਿਆਂ ਅਤੇ ਅਧਿਆਪਕਾਂ ਨੂੰ ਸਦਾ ਆਦਰ ਪ੍ਰਦਾਨ ਕਰੋ। ਉੱਤਮ ਬਚਨ ਆਦਿ ਕੰਮਾਂ ਦੁਆਰਾ ਸਮਰੱਥਾ ਅਨੁਸਾਰ ਉਨ੍ਹਾਂ ਦਾ ਸਤਿਕਾਰ ਕਰੋ। (160)

ਹਰੇਕ ਵਿਅਕਤੀ ਦੇ ਗੁਣ ਅਤੇ ਕੰਮ ਆਦਿ ਅਨੁਸਾਰ ਉਸਨੂੰ ਸੰਬੋਧਨ ਕਰੋ। ਸਮਰੱਥਾ ਅਨੁਸਾਰ ਉਸਨੂੰ ਸ਼ੁੱਭ ਕੰਮਾਂ ਵਿਚ ਉਤਸ਼ਾਹਿਤ ਕਰੋ। (161)

ਸੱਚੀ, ਹਿੱਤਕਾਰੀ ਅਤੇ ਮਿੱਠੀ ਬੋਲੀ ਬੋਲੋ। ਕਿਸੇ ਮਨੁੱਖ ’ਤੇ ਝੂਠੇ ਦੋਸ਼-ਤੁਹਮਤ ਕਦੇ ਨਾ ਲਾਓ। (162)

ਮਾੜੇ ਸ਼ਬਦਾਂ ਨਾਲ ਭਰੀ, ਸੁਣਨ ਵਾਲੇ ਨੂੰ ਪੀੜਾ ਦੇਣ ਵਾਲੀ, ਨਿੰਦਾ-ਯੋਗ, ਕਠੋਰ ਅਤੇ ਦਵੈਸ਼ ਭਰੀ ਘਟੀਆ ਬੋਲੀ ਨਾ ਬੋਲੋ। (163)

ਕਦੇ ਝੂਠ ਨਾ ਬੋਲੋ। ਹਿੱਤਕਾਰੀ ਸੱਚ ਬੋਲੋ। ਹੋਰਨਾਂ ਦਾ ਅਹਿੱਤ ਹੋਵੇ, ਅਜਿਹਾ ਸੱਚ ਵੀ ਨਾ ਬੋਲੋ। (164)

ਕਿਸੇ ਦੇ ਔਗੁਣ ਜਾਂ ਦੋਸ਼ਾਂ ਦੀ ਗੱਲ ਕਦੇ ਨਾ ਕਰੋ। ਇਸ ਨਾਲ ਅਸ਼ਾਂਤੀ ਹੁੰਦੀ ਹੈ ਅਤੇ ਭਗਵਾਨ ਅਤੇ ਗੁਰੂ ਦੀ ਅਪ੍ਰਸੰਨਤਾ ਹੁੰਦੀ ਹੈ। (165)

ਬਹੁਤ ਜ਼ਿਆਦਾ ਲੋੜ ਹੋਣ ’ਤੇ ਅਧਿਕਾਰਤ ਵਿਅਕਤੀ ਨੂੰ ਨਿਰੋਲ ਸ਼ੁੱਧ ਭਾਵਨਾ ਨਾਲ ਸੱਚ ਆਖਣ ਵਿਚ ਦੋਸ਼ ਨਹੀਂ ਹੈ। (166)

ਜਿਸ ਨਾਲ ਕਿਸੇ ਦਾ ਅਹਿੱਤ ਹੋਵੇ, ਉਸਨੂੰ ਦੁੱਖ ਪੁੱਜੇ ਜਾਂ ਕਲੇਸ਼ ਵਧੇ, ਅਜਿਹਾ ਵਿਵਹਾਰ ਜਾਂ ਵਿਚਾਰ ਕਦੇ ਨਾ ਕਰੋ। (167)

ਸੁਹਿਰਦ-ਭਾਵ ਰੱਖ ਕੇ ਭਗਤਾਂ ਦੇ ਸ਼ੁੱਭ ਗੁਣਾਂ ਨੂੰ ਚੇਤੇ ਕਰੋ। ਉਨ੍ਹਾਂ ਦਾ ਔਗੁਣ ਨਾ ਦੇਖੋ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦਾ ਦ੍ਰੋਹ ਕਰੋ (ਕਸ਼ਟ ਆਦਿ ਪੁਚਾਓ)। (168)

ਸੁਖ ਵਿਚ ਕਮਲਿਆਂ ਵਾਂਗ ਅਤੇ ਦੁੱਖ ਵਿਚ ਪਰੇਸ਼ਾਨ ਹੋਣ ਤੋਂ ਦੂਰ ਰਹੋ ਕਿਉਂਕਿ ਸਭ ਕੁਝ ਸ਼੍ਰੀਸੁਆਮੀਨਾਰਾਇਣ ਭਗਵਾਨ ਦੀ ਇੱਛਾ ਨਾਲ ਹੁੰਦਾ ਹੈ। (169)

ਕਿਸੇ ਦੇ ਨਾਲ ਬਹਿਸ ਜਾਂ ਕਲੇਸ਼ ਕਦੇ ਨਾ ਕਰੋ। ਹਮੇਸ਼ਾ ਵਿਵੇਕ (ਸੂਝ-ਬੂਝ) ਭਰਿਆ ਵਿਵਹਾਰ ਕਰੋ ਅਤੇ ਸ਼ਾਂਤੀ ਰੱਖੋ। (170)

ਕੋਈ ਵੀ ਮਨੁੱਖ ਆਪਣੇ ਬਚਨ, ਵਿਵਹਾਰ, ਵਿਚਾਰ ਅਤੇ ਲਿਖਣ ਵਿਚ ਕਦੇ ਕਠੋਰਤਾ (ਰੁੱਖਾਪਣ) ਨਾ ਰੱਖੇ। (171)

ਗ੍ਰਹਿਸਥ ਸਤਿਸੰਗੀ ਮਾਤਾ-ਪਿਤਾ ਦੀ ਸੇਵਾ ਕਰੇ। ਹਰ ਰੋਜ਼ ਉਨ੍ਹਾਂ ਦੇ ਚਰਨਾਂ ਵਿਚ ਨਮਸਕਾਰ ਕਰੇ। (172)

ਨੂੰਹ ਆਪਣੇ ਸਹੁਰੇ ਨੂੰ ਪਿਤਾ ਦੇ ਸਮਾਨ ਅਤੇ ਸੱਸ ਨੂੰ ਮਾਤਾ ਦੇ ਸਮਾਨ ਮੰਨ ਕੇ ਸੇਵਾ ਕਰੇ। ਸੱਸ-ਸਹੁਰਾ ਵੀ ਨੂੰਹ ਦੀ ਆਪਣੀ ਸਪੁੱਤਰੀ ਦੀ ਤਰ੍ਹਾਂ ਪਾਲਣਾ ਕਰਨ। (173)

ਗ੍ਰਹਿਸਥ ਭਗਤ ਆਪਣੇ ਸਪੁੱਤਰ-ਸਪੁੱਤਰੀਆਂ ਦੀ ਸਤਿਸੰਗ, ਸਿੱਖਿਅਣ ਆਦਿ ਨਾਲ ਚੰਗੀ ਤਰ੍ਹਾਂ ਪਾਲਣਾ ਕਰਨ। ਹੋਰ ਰਿਸ਼ਤੇਦਾਰਾਂ ਦੀ ਭਾਵ-ਪੂਰਵਕ ਸਮਰੱਥਾ ਅਨੁਸਾਰ ਸੇਵਾ ਕਰਨ। (174)

ਘਰ ਵਿਚ ਮਿੱਠੀ ਬੋਲੀ ਬੋਲੋ। ਕੌੜੀ ਬੋਲੀ ਦਾ ਤਿਆਗ ਕਰੋ ਅਤੇ ਮੈਲੇ ਭਾਵ ਨਾਲ ਕਿਸੇ ਨੂੰ ਪੀੜਾ ਨਾ ਪੁਚਾਓ। (175)

ਗ੍ਰਹਿਸਥ ਆਪਣੇ ਘਰ ਵਿਚ ਇਕੱਠੇ ਹੋ ਕੇ ਆਨੰਦ-ਪੂਰਵਕ ਭੋਜਨ ਕਰਨ ਅਤੇ ਘਰ ਆਏ ਹੋਏ ਮਹਿਮਾਨਾਂ ਦੀ ਸਮਰੱਥਾ ਅਨੁਸਾਰ ਆਓ-ਭਗਤ (ਸੇਵਾ-ਸਤਿਕਾਰ) ਕਰਨ। (176)

ਮੌਤ ਆਦਿ ਮੌਕਿਆਂ ’ਤੇ ਵਿਸ਼ੇਸ਼ ਭਜਨ-ਕੀਰਤਨ ਕਰੋ, ਕਥਾ ਕਰੋ, ਅਕਸ਼ਰਪੁਰਸ਼ੋਤਮ ਮਹਾਰਾਜ ਦਾ ਸਿਮਰਨ ਕਰੋ। (177)

ਸਪੁੱਤਰੀ ਜਾਂ ਸਪੁੱਤਰ ਦੇ ਰੂਪ ਵਿਚ ਪ੍ਰਾਪਤ ਆਪਣੀਆਂ ਔਲਾਦਾਂ ਨੂੰ ਸਤਿਸੰਗ ਦੇ ਦੈਵੀ ਸਿਧਾਂਤਾਂ, ਸ਼ੁੱਭ ਆਚਰਨਾਂ ਅਤੇ ਚੰਗੇ ਗੁਣਾਂ ਦੁਆਰਾ ਸੰਸਕਾਰ ਪ੍ਰਦਾਨ ਕਰੋ। (178)

ਔਲਾਦ ਜਦੋਂ ਗਰਭ ਵਿਚ ਹੋਵੇ, ਤਦ ਤੋਂ ਉਸਨੂੰ ਸਤਿਸੰਗ ਸੰਬੰਧੀ ਸ਼ਾਸਤਰਾਂ ਦੇ ਪੜ੍ਹਨ ਆਦਿ ਦੁਆਰਾ ਸੰਸਕਾਰ ਦਿਓ ਅਤੇ ਅਕਸ਼ਰਪੁਰਸ਼ੋਤਮ ਮਹਾਰਾਜ ਵਿਚ ਨਿਸਚਾ (ਭਰੋਸਾ) ਕਰਾਓ। (179)

ਪੁਰਸ਼ ਕਦੇ ਵੀ ਇਸਤਰੀਆਂ ਨੂੰ ਮਾੜੀ ਨਜ਼ਰ ਨਾਲ ਨਾ ਦੇਖਣ। ਉਸੇ ਤਰ੍ਹਾਂ ਇਸਤਰੀਆਂ ਵੀ ਪੁਰਸ਼ਾਂ ਨੂੰ ਮਾੜੀ ਨਜ਼ਰ ਨਾਲ ਨਾ ਦੇਖਣ। (180)

ਗ੍ਰਹਿਸਥ-ਆਸ਼ਰਮੀ ਪੁਰਸ਼ ਆਪਣੀ ਪਤਨੀ ਦੇ ਇਲਾਵਾ ਹੋਰਨਾਂ ਇਸਤਰੀਆਂ ਨਾਲ ਸੰਕਟ ਦੇ ਸਮੇਂ ਤੋਂ ਬਿਨਾਂ ਕਿਤੇ ਵੀ ਇਕਾਂਤ ਵਿਚ ਨਾ ਰਹਿਣ। (181)

ਉਸੇ ਤਰ੍ਹਾਂ ਇਸਤਰੀਆਂ ਵੀ ਆਪਣੇ ਪਤੀ ਦੇ ਇਲਾਵਾ ਹੋਰਨਾਂ ਪੁਰਸ਼ਾਂ ਦੇ ਨਾਲ ਸੰਕਟ ਦੇ ਸਮੇਂ ਤੋਂ ਬਿਨਾਂ ਕਿਤੇ ਇਕਾਂਤ ਵਿਚ ਨਾ ਰਹਿਣ। (182)

ਪੁਰਸ਼ ਆਪਣੀ ਨੇੜਲੀ ਰਿਸ਼ਤੇਦਾਰ ਇਸਤਰੀ ਦੇ ਇਲਾਵਾ ਹੋਰਨਾਂ ਇਸਤਰੀਆਂ ਨੂੰ ਨਾ ਛੂਹਣ। ਉਸੇ ਤਰ੍ਹਾਂ ਇਸਤਰੀਆਂ ਵੀ ਆਪਣੇ ਨੇੜਲੇ ਰਿਸ਼ਤੇਦਾਰ ਦੇ ਇਲਾਵਾ ਹੋਰਨਾਂ ਪੁਰਸ਼ਾਂ ਨੂੰ ਨਾ ਛੂਹਣ। (183)

ਸੰਕਟ-ਕਾਲ ਦੇ ਸਮੇਂ ਹੋਰਨਾਂ ਦੀ ਰੱਖਿਆ ਲਈ ਛੂਹਣ ਵਿਚ ਦੋਸ਼ ਨਹੀਂ ਹੈ। ਪਰ ਸੰਕਟ-ਕਾਲ ਨਾ ਹੋਣ ’ਤੇ ਤਾਂ ਨਿਯਮਾਂ ਦੀ ਸਦਾ ਪਾਲਣਾ ਕਰੋ। (184)

ਧਰਮ ਅਤੇ ਸੰਸਕਾਰਾਂ ਦਾ ਨਾਸ਼ ਕਰਨ ਵਾਲੇ ਲੱਚਰ (ਅਸ਼ਲੀਲ) ਦ੍ਰਿਸ਼ ਜਿਸ ਵਿਚ ਦਿਖਾਈ ਦਿੰਦੇ ਹੋਣ, ਅਜਿਹੇ ਨਾਟਕ ਜਾਂ ਫ਼ਿਲਮਾਂ ਆਦਿ ਕਦੇ ਨਾ ਦੇਖੋ। (185)

ਸਤਿਸੰਗੀ-ਜਨ ਬੁਰੀ ਲਤ ਵਾਲੇ, ਬੇਸ਼ਰਮ ਅਤੇ ਵਿਭਚਾਰੀ ਮਨੁੱਖ ਦੀ ਸੰਗਤ ਨਾ ਕਰਨ। (186)

ਇਸਤਰੀਆਂ ਆਪਣੇ ਧਰਮ ਦੀ ਰੱਖਿਆ ਲਈ ਚਰਿੱਤਰਹੀਣ ਇਸਤਰੀ ਦਾ ਸੰਗ ਨਾ ਕਰਨ ਅਤੇ ਦ੍ਰਿੜ੍ਹਤਾ ਨਾਲ ਨਿਯਮਾਂ ਦੀ ਪਾਲਣਾ ਕਰਨ। (187)

ਕਾਮ-ਵਾਸ਼ਨਾ ਨੂੰ ਉਤੇਜਿਤ ਕਰਨ ਵਾਲੀਆਂ ਗੱਲਾਂ ਜਾਂ ਗੀਤ ਨਾ ਸੁਣੋ, ਅਜਿਹੀਆਂ ਪੁਸਤਕਾਂ ਨਾ ਪੜ੍ਹੋ ਅਤੇ ਨਾ ਹੀ ਅਜਿਹੇ ਦ੍ਰਿਸ਼ਾਂ ਨੂੰ ਦੇਖੋ। (188)

ਧਨ, ਪਦਾਰਥ ਅਤੇ ਜ਼ਮੀਨ ਆਦਿ ਦੇ ਲੈਣ-ਦੇਣ ਵਿਚ ਸਦਾ ਲਿਖਤੀ ਸਬੂਤ, ਗਵਾਹ ਦੀ ਮੌਜੂਦਗੀ ਆਦਿ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ। (189)

ਸਾਰੇ ਸ਼ਰਣ ਆਏ ਜਨ ਆਪਣੇ ਰਿਸ਼ਤੇਦਾਰਾਂ ਦੇ ਨਾਲ ਹੋਣ ਵਾਲੇ ਵਿਵਹਾਰਕ ਸੰਬੰਧਾਂ ਵਿਚ ਵੀ ਲਿਖਤੀ ਸਬੂਤ ਆਦਿ ਸਾਰੇ ਨਿਯਮਾਂ ਦੀ ਪਾਲਣਾ ਕਰਨ। (190)

ਸਤਿਸੰਗੀ-ਜਨ ਦੁਸ਼ਟਾਂ ਦੇ ਨਾਲ ਕਦੇ ਵੀ ਵਿਵਹਾਰ ਨਾ ਕਰਨ ਅਤੇ ਦੀਨ ਲੋਕਾਂ ਦੇ ਪ੍ਰਤੀ ਦਇਆਵਾਨ ਬਣਨ। (191)

ਦੁਨਿਆਵੀ ਕਾਰਜ, ਬਿਨਾਂ ਵਿਚਾਰ ਕੀਤੇ ਤੁਰੰਤ ਨਾ ਕਰੋ ਪਰ ਉਸਦੇ ਨਤੀਜੇ ਆਦਿ ’ਤੇ ਵਿਚਾਰ ਕਰ ਕੇ ਸੂਝ-ਬੂਝ ਨਾਲ ਕਰੋ। (192)

ਕੋਈ ਵੀ ਮਨੁੱਖ ਕਦੇ ਰਿਸ਼ਵਤ ਨਾ ਲਏ। ਧਨ ਵਿਅਰਥ ਖ਼ਰਚ ਨਾ ਕਰੇ। ਆਪਣੀ ਆਮਦਨ ਦੇ ਅਨੁਸਾਰ ਧਨ ਖ਼ਰਚ ਕਰੋ। (193)

ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰ ਕੇ ਸਦਾ ਆਪਣੀ ਆਮਦਨ ਅਤੇ ਖ਼ਰਚ ਦਾ ਵੇਰਵਾ ਨੇਮ ਅਨੁਸਾਰ ਰੱਖੋ। (194)

ਆਪਣੀ ਆਮਦਨ ਵਿਚੋਂ ਦਸਵਾਂ ਜਾਂ ਵੀਹਵਾਂ ਹਿੱਸਾ ਆਪਣੀ ਸਮਰੱਥਾ ਅਨੁਸਾਰ ਸ਼੍ਰੀਸੁਆਮੀਨਾਰਾਇਣ ਭਗਵਾਨ ਦੀ ਸੇਵਾ-ਪ੍ਰਸੰਨਤਾ ਲਈ ਭੇਟਾ ਕਰੋ। (195)

ਗ੍ਰਹਿਸਥ ਆਪਣੀ ਵਰਤੋਂ ਦੇ ਅਨੁਸਾਰ ਅਤੇ ਸਮੇਂ-ਸ਼ਕਤੀ ਅਨੁਸਾਰ ਅਨਾਜ, ਪਦਾਰਥ ਜਾਂ ਧਨ ਆਦਿ ਦਾ ਸੰਗ੍ਰਹਿ ਕਰੇ। (196)

ਪਾਲਤੂ ਪਸ਼ੂ-ਪੰਛੀ ਆਦਿ ਦੀ ਅੰਨ, ਫਲ, ਜਲ ਆਦਿ ਨਾਲ ਸਮਰੱਥਾ ਅਨੁਸਾਰ ਉਚਿਤ ਦੇਖ-ਭਾਲ ਕਰੋ। (197)

ਧਨ, ਪਦਾਰਥ ਜਾਂ ਜ਼ਮੀਨ ਆਦਿ ਦੇ ਲੈਣ-ਦੇਣ ਵਿਚ ਵਿਸ਼ਵਾਸ-ਘਾਤ ਅਤੇ ਧੋਖਾ ਨਾ ਕਰੋ। (198)

ਕਰਮਚਾਰੀਆਂ ਨੂੰ ਜਿੰਨਾ ਧਨ ਆਦਿ ਦੇਣ ਦਾ ਵਚਨ ਦਿੱਤਾ ਹੋਵੇ, ਉਸ ਵਚਨ ਮੁਤਾਬਕ ਧਨ ਆਦਿ ਦਿਓ, ਪਰ ਉਸ ਤੋਂ ਘੱਟ ਕਦੇ ਵੀ ਨਾ ਦਿਓ। (199)

ਸਤਿਸੰਗੀ ਕਦੇ ਵੀ ਵਿਸ਼ਵਾਸ-ਘਾਤ ਨਾ ਕਰਨ। ਦਿੱਤੇ ਹੋਏ ਵਚਨ ਦੀ ਪਾਲਣਾ ਕਰਨ। ਪ੍ਰਤਿੱਗਿਆ ਦੀ ਉਲੰਘਣਾ ਨਾ ਕਰਨ। (200)

ਚੰਗੀ ਵਿਵਸਥਾ ਦੇ ਲਈ ਪ੍ਰਸ਼ਾਸਕ ਜ਼ਰੂਰੀ ਧਰਮਾਂ ਦੀ ਪਾਲਣਾ ਕਰਨ। ਲੋਕਾਂ ਦਾ ਪਾਲਣ-ਪੋਸ਼ਣ ਕਰਨ। ਸੰਸਕਾਰਾਂ ਦੀ ਰੱਖਿਆ ਕਰਨ। ਸਾਰਿਆਂ ਦੀ ਉੱਨਤੀ ਲਈ ਸਿਹਤ, ਸਿੱਖਿਆ, ਸੁਰੱਖਿਆ, ਬਿਜਲੀ, ਅਨਾਜ, ਪਾਣੀ ਆਦਿ ਦੁਆਰਾ ਉੱਚਿਤ ਵਿਵਸਥਾ ਕਰਨ। (201-202)

ਮਨੁੱਖ ਦੇ ਗੁਣ, ਸਮਰੱਥਾ, ਰੁਚੀ ਆਦਿ ਨੂੰ ਜਾਣ ਕੇ, ਵਿਚਾਰ ਕੇ ਤੇ ਉਸਨੂੰ ਪ੍ਰੇਰਿਤ ਕਰ ਕੇ ਉੱਚਿਤ ਕਾਰਜਾਂ ਵਿਚ ਲਾਇਆ ਜਾਵੇ। (203)

ਜਿਹੜੇ ਦੇਸ਼ ਵਿਚ ਭਗਵਾਨ ਦੀ ਭਗਤੀ ਹੋ ਸਕੇ ਅਤੇ ਆਪਣੇ ਧਰਮ ਦੀ ਪਾਲਣਾ ਹੋ ਸਕੇ, ਅਜਿਹੇ ਦੇਸ਼ ਵਿਚ ਸੁਖ-ਪੂਰਵਕ ਨਿਵਾਸ ਕਰੋ। (204)

ਵਿੱਦਿਆ, ਧਨ ਆਦਿ ਦੀ ਪ੍ਰਾਪਤੀ ਲਈ ਦੂਜੇ ਦੇਸ਼ਾਂ ਵਿਚ ਜਾਓ, ਤਾਂ ਉੱਥੇ ਵੀ ਆਦਰ ਨਾਲ ਸਤਿਸੰਗ ਕਰੋ ਅਤੇ ਨਿਯਮਾਂ ਦੀ ਪਾਲਣਾ ਕਰੋ। (205)

ਜਿਹੜੇ ਦੇਸ਼ ਵਿਚ ਆਪ ਰਹਿੰਦੇ ਹੋਵੋ, ਉਸ ਦੇਸ਼ ਦੇ ਪ੍ਰਸ਼ਾਸਨਿਕ ਨਿਯਮਾਂ ਦੀ ਸਦਾ ਪਾਲਣਾ ਕਰੋ। (206)

ਜਦੋਂ ਦੇਸ਼-ਕਾਲ ਆਦਿ ਕਾਰਨ ਹਾਲਾਤ ਉਲਟ ਹੋ ਜਾਣ, ਤਦ ਧੀਰਜ ਨਾਲ ਅਕਸ਼ਰਪੁਰਸ਼ੋਤਮ ਮਹਾਰਾਜ ਦਾ ਆਨੰਦ ਸਹਿਤ ਹਿਰਦੇ ਵਿਚ ਭਜਨ ਕਰੋ। (207)

ਆਪਣੇ ਨਿਵਾਸ-ਖੇਤਰ ਵਿਚ ਸੰਕਟ-ਕਾਲ ਆ ਜਾਣ ’ਤੇ ਉਸ ਖੇਤਰ ਦਾ ਤਿਆਗ ਕਰ ਕੇ, ਹੋਰ ਖੇਤਰ ਵਿਚ ਸੁਖ ਨਾਲ ਨਿਵਾਸ ਕਰੋ। (208)

ਬੱਚੇ ਅਤੇ ਬੱਚੀਆਂ ਬਚਪਨ ਤੋਂ ਹੀ ਵਿੱਦਿਆ ਪ੍ਰਾਪਤ ਕਰਨ। ਭੈੜਾ ਆਚਰਨ, ਭੈੜੀ ਸੰਗਤ ਅਤੇ ਨਸ਼ੇ ਆਦਿ ਦੀ ਲਤ ਦਾ ਤਿਆਗ ਕਰਨ। (209)

ਵਿਦਿਆਰਥੀ ਆਪਣਾ ਅਧਿਐਨ ਸਥਿਰ ਮਨ, ਉਤਸ਼ਾਹ ਅਤੇ ਆਦਰ ਨਾਲ ਕਰਨ। ਵਿਅਰਥ ਕੰਮਾਂ ਵਿਚ ਸਮਾਂ ਬਰਬਾਦ ਨਾ ਕਰਨ। (210)

ਬਾਲ ਅਵਸਥਾ ਤੋਂ ਹੀ ਸੇਵਾ, ਨਿਮਰਤਾ ਆਦਿ ਚੰਗੇ ਗੁਣਾਂ ਨੂੰ ਦ੍ਰਿੜ੍ਹ ਕਰਨ। ਨਿਰਬਲਤਾ ਅਤੇ ਭੈਅ ਦੇ ਅਧੀਨ ਕਦੇ ਨਾ ਹੋਣ। (211)

ਬਾਲ ਅਵਸਥਾ ਤੋਂ ਹੀ ਸਤਿਸੰਗ, ਭਗਤੀ ਅਤੇ ਅਰਦਾਸ ਕਰਨ। ਹਰ ਰੋਜ਼ ਪੂਜਾ ਕਰਨ ਅਤੇ ਮਾਤਾ-ਪਿਤਾ ਨੂੰ ਪੰਚਾਂਗ ਪ੍ਰਣਾਮ ਕਰਨ। (212)

ਕੁਮਾਰ ਅਤੇ ਜਵਾਨੀ ਦੀ ਅਵਸਥਾ ਵਿਚ ਵਿਸ਼ੇਸ਼ ਸੰਜਮ ਰੱਖੋ। ਸ਼ਕਤੀ ਦਾ ਨਾਸ਼ ਕਰਨ ਵਾਲੇ ਅਯੋਗ ਸਪਰਸ਼, ਦ੍ਰਿਸ਼ ਆਦਿ ਦਾ ਤਿਆਗ ਕਰੋ। (213)

ਅਜਿਹੇ ਹੀ ਉੱਦਮ (ਸਾਹਸ) ਕਰੋ, ਜਿਹੜੇ ਉੱਤਮ ਫਲਦਾਇਕ, ਉੱਨਤੀਕਾਰਕ ਅਤੇ ਉੱਚਿਤ ਹੋਣ। ਜਿਹੜਾ ਸਿਰਫ ਆਪਣੇ ਮਨ ਦਾ ਅਤੇ ਲੋਕਾਂ ਦਾ ਮਨ-ਪਰਚਾਵਾ ਕਰੇ, ਅਜਿਹਾ ਉੱਦਮ ਨਾ ਕਰੋ। (214)

ਜ਼ਰੂਰੀ ਕਰਨ ਯੋਗ ਉੱਦਮ ਵਿਚ ਕਦੇ ਵੀ ਆਲਸ ਨਾ ਕਰੋ। ਭਗਵਾਨ ਵਿਚ ਸ਼ਰਧਾ ਅਤੇ ਪ੍ਰੇਮ ਰੱਖੋ। ਹਰ ਰੋਜ਼ ਪੂਜਾ ਕਰੋ ਅਤੇ ਸਤਿਸੰਗ ਕਰੋ। (215)

ਇਸ ਸੰਸਾਰ ਵਿਚ ਸੰਗਤ ਬਲਵਾਨ ਹੈ। ਜਿਹੋ ਜਿਹੀ ਸੰਗਤ ਹੁੰਦੀ ਹੈ, ਉਹੋ ਜਿਹਾ ਜੀਵਨ ਬਣਦਾ ਹੈ। ਇਸ ਲਈ ਉੱਤਮ (ਸ੍ਰੇਸ਼ਟ) ਮਨੁੱਖਾਂ ਦੀ ਸੰਗਤ ਕਰੋ। ਬੁਰੀ ਸੰਗਤ ਦਾ ਸਦਾ ਲਈ ਤਿਆਗ ਕਰੋ। (216)

ਜਿਹੜਾ ਮਨੁੱਖ ਕਾਮ-ਵਾਸ਼ਨਾ ਵਾਲਾ, ਨਾ-ਸ਼ੁਕਰਗੁਜ਼ਾਰ, ਲੋਕਾਂ ਨੂੰ ਠੱਗਣ ਵਾਲਾ, ਪਾਖੰਡੀ ਅਤੇ ਧੋਖੇਬਾਜ਼ ਹੋਵੇ, ਉਸਦੀ ਸੰਗਤ ਦਾ ਤਿਆਗ ਕਰੋ। (217)

ਜਿਹੜਾ ਮਨੁੱਖ ਭਗਵਾਨ ਅਤੇ ਉਨ੍ਹਾਂ ਦੇ ਅਵਤਾਰਾਂ ਦਾ ਖੰਡਨ ਕਰਦਾ ਹੋਵੇ, ਭਗਵਾਨ ਦੀ ਉਪਾਸਨਾ ਦਾ ਖੰਡਨ ਕਰਦਾ ਹੋਵੇ ਅਤੇ ਸਾਕਾਰ ਭਗਵਾਨ ਨੂੰ ਨਿਰਾਕਾਰ ਮੰਨਦਾ ਹੋਵੇ, ਉਸਦੀ ਸੰਗਤ ਨਾ ਕਰੋ। ਅਜਿਹੇ ਗ੍ਰੰਥ ਵੀ ਨਾ ਪੜ੍ਹੋ। (218-219)

ਜਿਹੜਾ ਮਨੁੱਖ ਮੰਦਰ ਅਤੇ ਉਸ ਵਿਚ ਸਥਾਪਤ ਮੂਰਤੀਆਂ ਦਾ ਖੰਡਨ ਕਰਦਾ ਹੋਵੇ, ਸਤਿ-ਅਹਿੰਸਾ ਆਦਿ ਧਰਮਾਂ ਦਾ ਖੰਡਨ ਕਰਦਾ ਹੋਵੇ, ਉਸਦੀ ਸੰਗਤ ਦਾ ਤਿਆਗ ਕਰੋ। (220)

ਜਿਹੜਾ ਮਨੁੱਖ ਗੁਰੂ ਦੀ ਸ਼ਰਣ ਵਿਚ ਜਾਣ ਦਾ ਵਿਰੋਧ ਕਰਦਾ ਹੋਵੇ, ਵੈਦਿਕ ਸ਼ਾਸਤਰਾਂ ਦਾ ਖੰਡਨ ਕਰਦਾ ਹੋਵੇ, ਭਗਤੀ-ਮਾਰਗ ਦਾ ਵਿਰੋਧ ਕਰਦਾ ਹੋਵੇ, ਉਸਦੀ ਸੰਗਤ ਨਾ ਕਰੋ। (221)

ਕੋਈ ਮਨੁੱਖ ਸੰਸਾਰ ਵਿਚ ਵਿਵਹਾਰਕ ਕਾਰਜਾਂ ਵਿਚ ਸਿਆਣਾ ਹੋਵੇ ਜਾਂ ਸ਼ਾਸਤਰਾਂ ਵਿਚ ਪੂਰਨ ਗਿਆਨੀ ਵੀ ਹੋਵੇ, ਫਿਰ ਵੀ ਜੇਕਰ ਉਹ ਭਗਤੀ ਤੋਂ ਰਹਿਤ ਹੋਵੇ, ਤਾਂ ਉਸਦੀ ਸੰਗਤ ਨਾ ਕਰੋ। (222)

ਅਧਿਆਤਮਕ ਵਿਸ਼ਿਆਂ ਵਿਚ ਸ਼ਰਧਾ ਦਾ ਹੀ ਅਪਮਾਨ ਕਰ ਕੇ ਜਿਹੜਾ ਮਨੁੱਖ ਸਿਰਫ ਤਰਕ ਨੂੰ ਹੀ ਪ੍ਰਧਾਨਗੀ ਦਿੰਦਾ ਹੋਵੇ, ਉਸਦੀ ਸੰਗਤ ਨਾ ਕਰੋ। (223)

ਮੁਮੁਕਸ਼ੁ (ਮੁਕਤੀ-ਜਾਚਕ) ਹਰੀ-ਭਗਤ ਸਤਿਸੰਗ ਵਿਚ ਛਿਪੀ ਹੋਈ ਬੁਰੀ ਸੰਗਤ ਨੂੰ ਵੀ ਜਾਣਨ ਅਤੇ ਉਸਦੀ ਸੰਗਤ ਕਦੇ ਵੀ ਨਾ ਕਰਨ। (224)

ਜਿਹੜਾ ਮਨੁੱਖ ਪ੍ਰਤੱਖ ਭਗਵਾਨ ਵਿਚ ਅਤੇ ਗੁਰੂ ਵਿਚ ਮਨੁੱਖੀ-ਭਾਵ ਦੇਖਦਾ ਹੋਵੇ ਅਤੇ ਨਿਯਮ-ਪਾਲਨ ਵਿਚ ਢਿੱਲਾ ਹੋਵੇ, ਉਸਦੀ ਸੰਗਤ ਨਾ ਕਰੋ। (225)

ਜਿਹੜਾ ਮਨੁੱਖ ਭਗਤਾਂ ਵਿਚ ਦੋਸ਼ ਦੇਖਣ ਵਾਲਾ, ਔਗੁਣ ਦੀਆਂ ਹੀ ਗੱਲਾਂ ਕਰਨ ਵਾਲਾ, ਮਨਮਾਨੀ ਕਰਨ ਵਾਲਾ ਅਤੇ ਗੁਰੂ-ਦ੍ਰੋਹੀ (ਗੁਰੂ-ਵਿਰੋਧੀ) ਹੋਵੇ, ਉਸਦੀ ਸੰਗਤ ਨਾ ਕਰੋ। (226)

ਜਿਹੜਾ ਮਨੁੱਖ ਸਤਿ-ਕਰਮ, ਸਤਿ-ਸ਼ਾਸਤਰ ਅਤੇ ਸਤਿ-ਸੰਗ ਦੀ ਨਿੰਦਾ ਕਰਦਾ ਹੋਵੇ, ਉਸਦੀ ਸੰਗਤ ਨਾ ਕਰੋ। (227)

ਜਿਸ ਦੀਆਂ ਗੱਲਾਂ ਸੁਣਨ ਨਾਲ ਭਗਵਾਨ, ਗੁਰੂ ਅਤੇ ਸਤਿਸੰਗ ਦੇ ਪ੍ਰਤੀ ਸ਼ਰਧਾ ਘੱਟ ਜਾਏ, ਉਸਦੀ ਸੰਗਤ ਦਾ ਤਿਆਗ ਕਰੋ। (228)

ਜਿਸ ਨੂੰ ਅਕਸ਼ਰਪੁਰਸ਼ੋਤਮ ਦੇ ਪ੍ਰਤੀ ਦ੍ਰਿੜ੍ਹ ਨਿਸਚਾ ਹੋਵੇ, ਦ੍ਰਿੜ੍ਹ ਭਗਤੀ ਹੋਵੇ ਅਤੇ ਜਿਹੜਾ ਵਿਵੇਕੀ ਹੋਵੇ, ਉਸਦੀ ਸੰਗਤ ਆਦਰ ਨਾਲ ਕਰੋ। (229)

ਭਗਵਾਨ ਅਤੇ ਗੁਰੂ ਦੇ ਵਾਕਾਂ ਵਿਚ ਜਿਸਨੂੰ ਸ਼ੰਕਾ ਨਾ ਹੋਵੇ, ਜਿਹੜਾ ਵਿਸ਼ਵਾਸ ਦੇ ਯੋਗ ਹੋਵੇ, ਬੁੱਧੀਮਾਨ ਹੋਵੇ, ਉਸਦੀ ਸੰਗਤ ਆਦਰ ਨਾਲ ਕਰੋ। (230)

ਆਗਿਆ ਦੀ ਪਾਲਣਾ ਵਿਚ ਜਿਹੜਾ ਸਦਾ ਉਤਸ਼ਾਹ ਨਾਲ ਤਿਆਰ ਹੋਵੇ, ਦ੍ਰਿੜ੍ਹ ਹੋਵੇ, ਜਿਹੜਾ ਨਿਮਾਣਾ ਅਤੇ ਸਾਦਾ ਹੋਵੇ, ਉਸਦੀ ਸੰਗਤ ਆਦਰ ਨਾਲ ਕਰੋ। (231)

ਭਗਵਾਨ ਅਤੇ ਗੁਰੂ ਦੇ ਦੈਵੀ ਅਤੇ ਮਨੁੱਖੀ ਚਰਿੱਤਰਾਂ ਵਿਚ ਜਿਹੜਾ ਪ੍ਰੇਮ-ਪੂਰਵਕ ਦੈਵੀਪਣ ਦਾ ਦਰਸ਼ਨ ਕਰਦਾ ਹੋਵੇ, ਉਸਦੀ ਸੰਗਤ ਆਦਰ ਨਾਲ ਕਰੋ। (232)

ਸਤਿਸੰਗ ਵਿਚ ਜਿਹੜਾ ਮਨੁੱਖ ਹੋਰਨਾਂ ਦੇ ਗੁਣਾਂ ਨੂੰ ਅਪਣਾਉਣ ਲਈ ਤਿਆਰ ਹੋਵੇ, ਔਗੁਣਾਂ ਦੀ ਗੱਲ ਨਾ ਕਰਦਾ ਹੋਵੇ, ਸੁਹਿਰਦ-ਭਾਵ ਨਾਲ ਭਰਿਆ ਹੋਵੇ, ਉਸਦੀ ਸੰਗਤ ਆਦਰ ਨਾਲ ਕਰੋ। (233)

ਜਿਸਦੇ ਆਚਾਰ ਅਤੇ ਵਿਚਾਰ ਵਿਚ ਗੁਰੂ-ਹਰੀ ਨੂੰ ਪ੍ਰਸੰਨ ਕਰਨ ਦਾ ਇੱਕੋ-ਇਕ ਉਦੇਸ਼ ਹੋਵੇ, ਉਸਦੀ ਸੰਗਤ ਆਦਰ ਨਾਲ ਕਰੋ। (234)

ਆਪਣੀ ਸ਼ਕਤੀ ਅਤੇ ਰੁਚੀ ਅਨੁਸਾਰ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਭਾਸ਼ਾ ਵਿਚ ਆਪਣੇ ਸੰਪਰਦਾਇ ਦੇ ਗ੍ਰੰਥਾਂ ਨੂੰ ਪੜ੍ਹੋ ਅਤੇ ਪੜ੍ਹਾਓ। (235)

ਵਚਨਾਮ੍ਰਿਤ, ਗੁਣਾਤੀਤਾਨੰਦ ਸੁਆਮੀ ਦੀਆਂ ਗੱਲਾਂ (ਉਪਦੇਸ਼ਾਮ੍ਰਿਤ) ਅਤੇ ਗੁਣਾਤੀਤ ਗੁਰੂਆਂ ਦੇ ਜੀਵਨ-ਚਰਿੱਤਰ ਨਿੱਤ ਭਾਵ-ਪੂਰਵਕ ਪੜ੍ਹੋ। (236)

ਭਗਵਾਨ ਸ਼੍ਰੀਸੁਆਮੀਨਾਰਾਇਣ ਅਤੇ ਗੁਣਾਤੀਤ ਗੁਰੂਆਂ ਦੇ ਉਪਦੇਸ਼ ਅਤੇ ਚਰਿੱਤਰ ਸਤਿਸੰਗੀਆਂ ਦਾ ਜੀਵਨ ਹੈ। ਇਸ ਲਈ ਸਤਿਸੰਗੀ ਹਰ ਰੋਜ਼ ਉਨ੍ਹਾਂ ਨੂੰ ਸ਼ਾਂਤ ਚਿੱਤ ਨਾਲ ਸੁਣਨ, ਚਿੰਤਨ ਕਰਨ ਅਤੇ ਨਿਰੰਤਰ ਧਿਆਨ (ਨਿਦਿਧਆਸਨ) ਮਹਿਮਾ ਸਹਿਤ, ਸ਼ਰਧਾ-ਪੂਰਵਕ ਅਤੇ ਭਗਤੀ-ਪੂਰਵਕ ਕਰਨ। (237-238)

ਸੰਪਰਦਾਇ ਦੇ ਸਿਧਾਂਤਾਂ ਵਿਚ ਰੁਕਾਵਟ ਪਾਉਣ ਵਾਲੇ ਅਤੇ ਸ਼ੰਕਾ ਪੈਦਾ ਕਰਨ ਵਾਲੇ ਬਚਨਾਂ ਨੂੰ ਨਾ ਪੜ੍ਹੋ, ਨਾ ਸੁਣੋ ਅਤੇ ਨਾ ਹੀ ਮੰਨੋ। (239)

ਭਗਵਾਨ ਸ਼੍ਰੀਸੁਆਮੀਨਾਰਾਇਣ ਦੇ ਪ੍ਰਤੀ ਹਿਰਦੇ ਵਿਚ ਪਰਾ-ਭਗਤੀ ਦ੍ਰਿੜ੍ਹ ਕਰਨ ਲਈ ਗੁਰੂ-ਹਰੀ ਦੇ ਹੁਕਮ ਨਾਲ ਚਤੁਰਮਾਸ ਵਿਚ ਵਰਤ ਰੱਖੋ। (240)

ਇਸ ਵਿਚ ਚਾਂਦ੍ਰਾਯਣ, ਵਰਤ ਆਦਿ ਅਤੇ ਮੰਤਰ-ਜਾਪ, ਪਰਿਕਰਮਾ, ਕਥਾ ਸਰਵਣ, ਵਧੇਰੇ ਡੰਡਉਤ ਪ੍ਰਣਾਮ ਆਦਿ ਰੂਪ ਨਾਲ ਵਿਸ਼ੇਸ਼ ਭਗਤੀ ਦਾ ਆਚਰਣ ਸ਼ਰਧਾ ਨਾਲ, ਪ੍ਰੇਮ ਨਾਲ ਅਤੇ ਭਗਵਾਨ ਦੀ ਪ੍ਰਸੰਨਤਾ ਲਈ ਕਰੋ। (241-242)

ਉਸ ਸਮੇਂ ਆਪਣੀ ਰੁਚੀ ਅਤੇ ਸ਼ਕਤੀ ਅਨੁਸਾਰ ਸੰਪਰਦਾਇ ਦੇ ਸ਼ਾਸਤਰਾਂ ਨੂੰ ਨਿਯਮ-ਪੂਰਵਕ ਪੜ੍ਹੋ ਅਤੇ ਪੜ੍ਹਾਓ। (243)

ਭਗਵਾਨ ਦੇ ਪ੍ਰਤੀ ਪ੍ਰੇਮ ਵਧਾਉਣ ਲਈ ਸਾਰੇ ਸਤਿਸੰਗੀ ਖੁਸ਼ੀ, ਆਨੰਦ ਅਤੇ ਭਗਤੀ-ਭਾਵ ਨਾਲ ਉਤਸਵ ਮਨਾਉਣ। (244)

ਭਗਵਾਨ ਸ਼੍ਰੀਸੁਆਮੀਨਾਰਾਇਣ ਅਤੇ ਅਕਸ਼ਰਬ੍ਰਹਮ ਗੁਰੂਆਂ ਦੇ ਜਨਮ-ਮਹਾਂ-ਉਤਸਵ ਭਗਤੀ-ਭਾਵ ਨਾਲ ਸਦਾ ਮਨਾਉਣ। (245)

ਸਤਿਸੰਗੀ-ਜਨ ਸ਼੍ਰੀਹਰੀ ਅਤੇ ਗੁਰੂ ਦੇ ਵਿਸ਼ੇਸ਼ ਪ੍ਰਸੰਗਾਂ ਦੇ ਦਿਨ ਸਮਰੱਥਾ ਅਨੁਸਾਰ ਪੁਰਬ-ਉਤਸਵ ਮਨਾਉਣ। (246)

ਪੁਰਬ-ਉਤਸਵ ਵਿਚ ਭਗਤੀ-ਪੂਰਵਕ ਸੰਗੀਤ-ਸਾਜ਼ਾਂ ਦੇ ਨਾਲ ਕੀਰਤਨ ਕਰਨ ਅਤੇ ਵਿਸ਼ੇਸ਼ ਰੂਪ ਨਾਲ ਮਹਿਮਾ ਦੀਆਂ ਗੱਲਾਂ ਕਰਨ। (247)

ਚੇਤਰ ਸ਼ੁਕਲ ਨੌਵੀਂ ਦੇ ਦਿਨ ਭਗਵਾਨ ਸ਼੍ਰੀਰਾਮਚੰਦਰ ਜੀ ਦੀ ਪੂਜਾ ਕਰੋ। ਸ਼੍ਰਾਵਣ (ਸਾਉਣ) ਕ੍ਰਿਸ਼ਨ ਅਸ਼ਟਮੀ (ਪੂਰਨਮਾਸ਼ੀ ਦੇ ਨਾਲ ਖਤਮ ਹੋਣ ਵਾਲੇ ਮਹੀਨਿਆਂ ਦੇ ਅਨੁਸਾਰ ਭਾਦ੍ਰਪਦ (ਭਾਦਰੋਂ) ਕ੍ਰਿਸ਼ਨ ਅਸ਼ਟਮੀ) ਦੇ ਦਿਨ ਭਗਵਾਨ ਸ਼੍ਰੀਕ੍ਰਿਸ਼ਨ ਜੀ ਦੀ ਪੂਜਾ ਕਰੋ। (248)

ਸ਼ਿਵਰਾਤਰੀ ਦੇ ਦਿਨ ਸ਼ੰਕਰ ਭਗਵਾਨ ਦੀ ਪੂਜਾ ਕਰੋ। ਭਾਦ੍ਰਪਦ ਸ਼ੁਕਲ ਚਤੁਰਥੀ (ਭਾਦੋਂ ਸ਼ੁਕਲ ਚੌਥ) ਦੇ ਦਿਨ ਗਣਪਤੀ ਜੀ ਦੀ ਪੂਜਾ ਕਰੋ। (249)

ਆਸ਼ਵਿਨ ਕ੍ਰਿਸ਼ਨ ਚਤੁਰਦਸ਼ੀ (ਅੱਸੂ ਕ੍ਰਿਸ਼ਨ ਚੌਧਵੀਂ) (ਪੂਰਨਮਾਸ਼ੀ ਦੇ ਨਾਲ ਖਤਮ ਹੋਣ ਵਾਲੇ ਮਹੀਨਿਆਂ ਦੇ ਅਨੁਸਾਰ ਕਾਰਤਿਕ (ਕੱਤਕ) ਕ੍ਰਿਸ਼ਨ ਚਤੁਰਦਸ਼ੀ) ਦੇ ਦਿਨ ਹਨੂਮਾਨ ਜੀ ਦੀ ਪੂਜਾ ਕਰੋ। ਰਸਤੇ ਵਿਚ ਕੋਈ ਮੰਦਰ ਆਏ, ਤਾਂ ਉਸ ਦੇਵਤਾ ਨੂੰ ਭਾਵ-ਪੂਰਵਕ ਪ੍ਰਣਾਮ ਕਰੋ। (250)

ਵਿਸ਼ਨੂੰ6, ਸ਼ੰਕਰ, ਪਾਰਬਤੀ, ਗਣਪਤੀ ਅਤੇ ਸੂਰਜ—ਇਨ੍ਹਾਂ ਪੰਜ ਦੇਵਤਿਆਂ ਨੂੰ ਪੂਜਣ-ਯੋਗ ਭਾਵ ਨਾਲ ਮੰਨੋ। (251)

6. ਇੱਥੇ ਵਿਸ਼ਨੂੰ ਸ਼ਬਦ ਤੋਂ ਵਿਸ਼ਨੂੰ ਦੇ ਅਵਤਾਰ-ਸਰੂਪ ਸ਼੍ਰੀਰਾਮ, ਸ਼੍ਰੀਕ੍ਰਿਸ਼ਨ ਅਤੇ ਸ਼੍ਰੀਸੀਤਾ, ਸ਼੍ਰੀਰਾਧਾ ਆਦਿ ਅਰਥ ਵੀ ਸਮਝਿਆ ਜਾਏ।

ਅਕਸ਼ਰਪੁਰਸ਼ੋਤਮ ਮਹਾਰਾਜ ਵਿਚ ਦ੍ਰਿੜ੍ਹ ਨਿਸ਼ਚਾ ਰੱਖੋ। ਫਿਰ ਵੀ ਕਿਸੇ ਹੋਰ ਦੇਵਤਾ ਦੀ ਨਿੰਦਾ ਨਾ ਕਰੋ। (252)

ਹੋਰ ਧਰਮ, ਸੰਪਰਦਾਇ ਜਾਂ ਉਨ੍ਹਾਂ ਦੇ ਪੈਰੋਕਾਰਾਂ ਦੇ ਪ੍ਰਤੀ ਈਰਖਾ ਨਾ ਕਰੋ। ਉਨ੍ਹਾਂ ਦੀ ਨਿੰਦਾ ਨਾ ਕਰੋ। ਉਨ੍ਹਾਂ ਨੂੰ ਸਦਾ ਆਦਰ ਦਿਓ। (253)

ਮੰਦਰ, ਸ਼ਾਸਤਰ ਅਤੇ ਸੰਤਾਂ ਦੀ ਨਿੰਦਾ ਕਦੇ ਵੀ ਨਾ ਕਰੋ। ਆਪਣੀ ਸ਼ਕਤੀ ਦੇ ਅਨੁਸਾਰ ਉਨ੍ਹਾਂ ਦਾ ਉਚਿਤ ਸਤਿਕਾਰ ਕਰੋ। (254)

ਸੰਜਮ, ਉਪਵਾਸ (ਵਰਤ) ਆਦਿ ਜਿਹੜੇ-ਜਿਹੜੇ ਤਪ ਦਾ ਆਚਰਣ ਕਰੋ, ਉਹ ਸਿਰਫ਼ ਭਗਵਾਨ ਦੀ ਪ੍ਰਸੰਨਤਾ ਲਈ ਅਤੇ ਭਗਤੀ ਲਈ ਹੀ ਕਰੋ। (255)

ਏੇਕਾਦਸ਼ੀ ਦਾ ਵਰਤ ਸਦਾ ਪਰਮ ਆਦਰ ਨਾਲ ਕਰੋ। ਉਸ ਦਿਨ ਵਰਜਿਤ ਚੀਜ਼ ਕਦੇ ਨਾ ਖਾਓ। (256)

ਵਰਤ ਵਿਚ ਪੂਰੀ ਕੋਸ਼ਿਸ਼ ਕਰ ਕੇ ਦਿਨ ਦੀ ਨੀਂਦ ਦਾ ਤਿਆਗ ਕਰੋ। ਦਿਨ ਦੀ ਨੀਂਦ ਨਾਲ ਵਰਤ-ਰੂਪ ਤਪ ਦਾ ਨਾਸ਼ ਹੁੰਦਾ ਹੈ। (257)

ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਆਪ ਜਿਹੜੇ ਸਥਾਨਾਂ ਨੂੰ ਆਪਣੀ ਕਿਰਪਾ ਨਾਲ ਪਵਿੱਤਰ ਕੀਤਾ ਹੈ ਅਤੇ ਅਕਸ਼ਰਬ੍ਰਹਮ ਗੁਰੂਆਂ ਨੇ ਜਿਹੜੇ ਸਥਾਨਾਂ ਨੂੰ ਆਪਣੀ ਕਿਰਪਾ ਨਾਲ ਪਵਿੱਤਰ ਕੀਤਾ ਹੈ, ਉਨ੍ਹਾਂ ਸਥਾਨਾਂ ਦੀ ਯਾਤਰਾ ਕਰਨ ਦੀ ਜਿਸਨੂੰ ਇੱਛਾ ਹੋਵੇ, ਉਹ ਸਮਰੱਥਾ ਨਾਲ ਆਪਣੀ ਰੁਚੀ ਦੇ ਅਨੁਸਾਰ ਕਰੇ। (258-259)

ਅਯੁੱਧਿਆ, ਮਥੁਰਾ, ਕਾਸ਼ੀ, ਕੇਦਾਰਨਾਥ, ਬਦਰੀਨਾਥ ਅਤੇ ਰਾਮੇਸ਼ਵਰ ਆਦਿ ਤੀਰਥ-ਸਥਾਨਾਂ ਦੀ ਯਾਤਰਾ ਸਮਰੱਥਾ ਨਾਲ ਆਪਣੀ ਰੁਚੀ ਅਨੁਸਾਰ ਕਰੇ। (260)

ਮੰਦਰ ਵਿਚ ਆਏ ਹੋਏ ਸਾਰੇ ਦਰਸ਼ਨ-ਅਭਿਲਾਸ਼ੀ ਆਪਣੀ ਮਰਿਆਦਾ ਦੀ ਪਾਲਣਾ ਜ਼ਰੂਰ ਕਰਨ। ਮੰਦਰ ਵਿਚ ਆਏ ਹੋਏ ਪੁਰਸ਼, ਇਸਤਰੀ ਦਾ ਸਪਰਸ਼ ਨਾ ਕਰਨ ਅਤੇ ਇਸਤਰੀਆਂ, ਪੁਰਸ਼ ਦਾ ਸਪਰਸ਼ ਨਾ ਕਰਨ। (261)

ਮੰਦਰ ਵਿਚ ਇਸਤਰੀਆਂ ਅਤੇ ਪੁਰਸ਼ ਸਦਾ ਸਤਿਸੰਗ ਦੇ ਨਿਯਮਾਂ ਅਨੁਸਾਰ ਵਸਤਰ ਧਾਰਨ ਕਰਨ। (262)

ਭਗਤ-ਜਨ ਭਗਵਾਨ ਜਾਂ ਗੁਰੂ ਦੇ ਦਰਸ਼ਨ ਕਰਨ ਖਾਲੀ ਹੱਥ ਕਦੇ ਵੀ ਨਾ ਜਾਣ। (263)

ਸਾਰੇ ਸਤਿਸੰਗੀ ਸੂਰਜ ਜਾਂ ਚੰਦਰਮਾ ਦੇ ਗ੍ਰਹਿਣ ਸਮੇਂ ਸਾਰੇ ਕੰਮਾਂ ਦਾ ਤਿਆਗ ਕਰ ਕੇ ਭਗਵਾਨ ਦਾ ਭਜਨ ਕਰਨ। ਉਸ ਸਮੇਂ ਨੀਂਦ ਅਤੇ ਭੋਜਨ ਦਾ ਤਿਆਗ ਕਰ ਕੇ, ਇਕ ਸਥਾਨ ’ਤੇ ਬੈਠ ਕੇ, ਗ੍ਰਹਿਣ ਪੂਰਨ ਹੋਣ ਤਕ ਭਗਵਾਨ ਦਾ ਕੀਰਤਨ ਆਦਿ ਕਰਨ।7 (264-265)

ਗ੍ਰਹਿਣ ਦੀ ਮੁਕਤੀ ਹੋਣ ’ਤੇ ਸਾਰੇ ਜਨ ਵਸਤਰਾਂ ਸਮੇਤ ਇਸ਼ਨਾਨ ਕਰਨ। ਤਿਆਗ-ਆਸ਼ਰਮੀ ਭਗਵਾਨ ਦੀ ਪੂਜਾ ਕਰਨ ਅਤੇ ਗ੍ਰਹਿਸਥ ਦਾਨ ਕਰਨ। (266)

ਜਨਮ-ਮਰਨ ਦੀਆਂ ਸੂਤਕ-ਮ੍ਰਿਤਕ ਵਿਧੀਆਂ ਅਤੇ ਸ਼ਰਾਧ ਆਦਿ ਵਿਧੀਆਂ ਦੀ ਸਤਿਸੰਗ ਦੀ ਰੀਤੀ8 ਅਨੁਸਾਰ ਪਾਲਣਾ ਕਰੋ। (267)

ਕਿਸੇ ਅਯੋਗ ਵਿਵਹਾਰ ਦੇ ਹੋ ਜਾਣ ’ਤੇ ਭਗਵਾਨ ਨੂੰ ਪ੍ਰਸੰਨ ਕਰਨ ਲਈ ਪਵਿੱਤਰ ਭਾਵ ਨਾਲ ਪਛਤਾਵਾ ਕਰੋ। (268)

ਸੰਕਟ-ਕਾਲ ਵਿਚ ਹੀ ਆਪਦਧਰਮ (ਸੰਕਟ-ਕਾਲ ਵਿਚ ਨਿਰਵਾਹ ਕੀਤਾ ਜਾਣ ਵਾਲਾ ਧਰਮ) ਦਾ ਵਿਵਹਾਰ ਕਰੋ। ਛੋਟੇ ਸੰਕਟ ਨੂੰ ਵੱਡਾ ਸੰਕਟ ਮੰਨ ਕੇ ਧਰਮ ਦਾ ਤਿਆਗ ਨਾ ਕਰੋ। (269)

ਕਸ਼ਟਦਾਇਕ ਸੰਕਟ ਦੇ ਮੌਕੇ ’ਤੇ ਭਗਵਾਨ ਦੀ ਤਾਕਤ ਨਾਲ ਜਿਸ ਤਰ੍ਹਾਂ ਆਪਣੀ ਅਤੇ ਹੋਰਨਾਂ ਦੀ ਰੱਖਿਆ ਹੋਵੇ, ਉਹੋ ਜਿਹਾ ਵਿਵਹਾਰ ਕਰੋ। (270)

ਜਾਨ-ਲੇਵਾ ਸੰਕਟ ਦੇ ਸਮੇਂ ਵਿਵੇਕੀ ਮਨੁੱਖ ਗੁਰੂ ਦੇ ਹੁਕਮਾਂ ਦੀ ਪਾਲਣਾ ਕਰ ਕੇ ਪ੍ਰਾਣਾਂ ਦੀ ਰੱਖਿਆ ਕਰੇ ਅਤੇ ਸੁਖ ਨਾਲ ਰਹੇ। (271)

ਸਾਰੇ ਸਤਿਸੰਗੀ-ਜਨ ਸਤਿਸੰਗ ਦੀ ਰੀਤੀ ਦੇ ਅਨੁਸਾਰ, ਗੁਰੂ ਦੇ ਹੁਕਮ ਅਨੁਸਾਰ ਅਤੇ ਦੇਸ਼, ਕਾਲ, ਅਵਸਥਾ ਦੇ ਅਨੁਸਾਰ ਨਿਰੋਲ ਸ਼ੁੱਧ ਭਾਵ ਨਾਲ ਸਮਰੱਥਾ ਅਨੁਸਾਰ ਆਚਾਰ, ਵਿਵਹਾਰ ਅਤੇ ਪਛਤਾਵਾ ਕਰਨ। (272-273)

ਧਰਮ-ਨਿਯਮਾਂ ਦੀ ਪਾਲਣਾ ਕਰਨ ਨਾਲ ਜੀਵਨ ਉੱਨਤ ਹੁੰਦਾ ਹੈ ਅਤੇ ਹੋਰਨਾਂ ਨੂੰ ਵੀ ਸਦਾਚਾਰ ਦੀ ਪਾਲਣਾ ਦੀ ਪ੍ਰੇਰਨਾ ਮਿਲਦੀ ਹੈ। (274)

ਭਗਵਾਨ ਦੇ ਭਗਤ-ਜਨ ਕਦੇ ਵੀ ਭੂਤ, ਪ੍ਰੇਤ, ਪਿਸ਼ਾਚ ਆਦਿ ਦਾ ਭੈਅ ਨਾ ਰੱਖਣ। ਅਜਿਹੇ ਸ਼ੰਕਿਆਂ ਦਾ ਤਿਆਗ ਕਰ ਕੇ ਸੁਖ ਨਾਲ ਰਹਿਣ। (275)

ਸ਼ੁੱਭ ਅਤੇ ਅਸ਼ੁੱਭ ਪ੍ਰਸੰਗਾਂ (ਮੌਕਿਆਂ) ਵਿਚ ਮਹਿਮਾ ਸਹਿਤ ਪਵਿੱਤਰ ਸਹਿਜਾਨੰਦ ਨਾਮਾਵਲੀ ਦਾ ਪਾਠ ਕਰਨ। (276)

ਜਿਨ੍ਹਾਂ ਨੂੰ ਸਤਿਸੰਗ ਦਾ ਆਸਰਾ ਪ੍ਰਾਪਤ ਹੋਇਆ ਹੈ, ਉਨ੍ਹਾਂ ਦਾ ਬੁਰਾ ਕਰਨ ਵਿਚ ਕਾਲ, ਕਰਮ ਜਾਂ ਮਾਇਆ ਕਦੇ ਵੀ ਸਮਰੱਥ ਨਹੀਂ ਹਨ। (277)

ਸਤਿਸੰਗੀ ਅਣਉੱਚਿਤ ਵਿਸ਼ੇ, ਵਿਕਾਰਾਂ ਅਤੇ ਸ਼ੰਕਿਆਂ ਦਾ ਸਦਾ ਤਿਆਗ ਕਰਨ। (278) ਕਾਲ, ਕਰਮ ਆਦਿ ਨੂੰ ਕਰਤਾ ਨਾ ਮੰਨੋ। ਅਕਸ਼ਰਪੁਰਸ਼ੋਤਮ ਮਹਾਰਾਜ ਨੂੰ ਸਰਵ-ਕਰਤਾ ਮੰਨੋ। (279)

ਬਿਪਦਾ ਦੇ ਸਮੇਂ ਧੀਰਜ ਧਾਰਨ ਕਰੋ, ਅਰਦਾਸ ਕਰੋ, ਹਿੰਮਤ ਕਰੋ ਅਤੇ ਅਕਸ਼ਰਪੁਰਸ਼ੋਤਮ ਮਹਾਰਾਜ ਦੇ ਪ੍ਰਤੀ ਦ੍ਰਿੜ੍ਹ ਭਰੋਸਾ ਰੱਖੋ। (280)

ਜਿਨ੍ਹਾਂ ਨੂੰ ਤਿਆਗ-ਆਸ਼ਰਮ ਗ੍ਰਹਿਣ ਕਰਨ ਦੀ ਇੱਛਾ ਹੋਵੇ, ਉਹ ਅਕਸ਼ਰਬ੍ਰਹਮ-ਸਰੂਪ ਗੁਰੂ ਤੋਂ ਦੀਕਸ਼ਾ ਗ੍ਰਹਿਣ ਕਰਨ। ਸਾਰੇ ਤਿਆਗ-ਆਸ਼ਰਮੀ ਅੱਠ ਤਰ੍ਹਾਂ ਨਾਲ ਬ੍ਰਹਮਚਰੀਆ ਦੀ ਸਦਾ ਪਾਲਣਾ ਕਰਨ। (281)

ਤਿਆਗ-ਆਸ਼ਰਮੀ, ਧਨ ਦਾ ਤਿਆਗ ਕਰਨ ਅਤੇ ਧਨ ਨੂੰ ਆਪਣਾ ਬਣਾ ਕੇ ਨਾ ਰੱਖਣ। ਧਨ ਨੂੰ ਕਦੇ ਵੀ ਨਾ ਛੂਹਣ। (282)

ਅਕਸ਼ਰਪੁਰਸ਼ੋਤਮ ਮਹਾਰਾਜ ਵਿਚ ਪ੍ਰੇਮ ਵਧਾਉਣ ਲਈ ਤਿਆਗ-ਆਸ਼ਰਮੀ ਨਿਸ਼ਕਾਮ, ਨਿਰਲੋਭ, ਨਿਰਸਵਾਦ, ਨਿਰਸਨੇਹ, ਨਿਰਮਾਣ ਅਤੇ ਹੋਰ ਤਿਆਗ-ਆਸ਼ਰਮ ਸੰਬੰਧੀ ਗੁਣਾਂ ਨੂੰ ਧਾਰਨ ਕਰਨ। (283-284)

ਅਕਸ਼ਰਪੁਰਸ਼ੋਤਮ ਮਹਾਰਾਜ ਵਿਚ ਪ੍ਰੇਮ ਵਧਾਉਣ ਲਈ ਤਿਆਗ-ਆਸ਼ਰਮੀ ਨਿਸ਼ਕਾਮ, ਨਿਰਲੋਭ, ਨਿਰਸਵਾਦ, ਨਿਰਸਨੇਹ, ਨਿਰਮਾਣ ਅਤੇ ਹੋਰ ਤਿਆਗ-ਆਸ਼ਰਮ ਸੰਬੰਧੀ ਗੁਣਾਂ ਨੂੰ ਧਾਰਨ ਕਰਨ। (283-284)

ਆਪਣੀ ਆਤਮਾ ਦੀ ਬ੍ਰਹਮ ਨਾਲ ਏੇਕਤਾ ਪ੍ਰਾਪਤ ਕਰ ਕੇ ਤਿਆਗ-ਆਸ਼ਰਮੀ ਦੈਵੀ-ਭਾਵ ਨਾਲ ਸਦਾ ਸ਼੍ਰੀਸੁਆਮੀਨਾਰਾਇਣ ਭਗਵਾਨ ਦੀ ਭਗਤੀ ਕਰਨ। (285)

ਇਹ ਤਿਆਗ ਸਿਰਫ਼ ਤਿਆਗ ਨਹੀਂ ਹੈ, ਇਹ ਤਾਂ ਭਗਤੀਮਈ ਤਿਆਗ ਹੈ। ਇਹ ਤਿਆਗ ਅਕਸ਼ਰ-ਪੁਰਸ਼ੋਤਮ ਮਹਾਰਾਜ ਨੂੰ ਪ੍ਰਾਪਤ ਕਰਨ ਲਈ ਹੈ। (286)

ਆਗਿਆ-ਉਪਾਸਨਾ ਸੰਬੰਧੀ ਇਹ ਸਿਧਾਂਤ ਸਾਰੇ ਜੀਵਾਂ ਦੇ ਹਿੱਤ ਲਈ, ਦੁੱਖ ਦਾ ਨਾਸ਼ ਕਰਨ ਵਾਲੇ ਅਤੇ ਪਰਮ ਸੁਖਦਾਇਕ ਹਨ। (287)

ਇਸ ਸ਼ਾਸਤਰ ਦੀ ਪਾਲਣਾ ਕਰ ਕੇ ਜਿਹੜਾ ਜਨ ਸ਼ਰਧਾ ਅਤੇ ਪ੍ਰੇਮ ਨਾਲ ਆਪਣੇ ਜੀਵਨ ਵਿਚ ਆਗਿਆ-ਉਪਾਸਨਾ ਦੀ ਦ੍ਰਿੜ੍ਹਤਾ ਕਰਦਾ ਹੈ, ਉਹ ਭਗਵਾਨ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਉਨ੍ਹਾਂ ਦੀ ਕਿਰਪਾ ਦਾ ਪਾਤਰ ਬਣਦਾ ਹੈ। ਸ਼ਾਸਤਰਾਂ ਵਿਚ ਆਖੀ ਗਈ ਬ੍ਰਹਮੀ ਅਵਸਥਾ ਇਸੇ ਜੀਵਨ-ਕਾਲ ਵਿਚ ਪ੍ਰਾਪਤ ਕਰ ਲੈਂਦਾ ਹੈ। ਇਕਾਂਤਿਕ ਧਰਮ ਸਿੱਧ ਕਰ ਲੈਂਦਾ ਹੈ। ਅਖੀਰ ਵਿਚ ਭਗਵਾਨ ਦੇ ਸਦੀਵੀ, ਦੈਵੀ ਅਕਸ਼ਰਧਾਮ ਨੂੰ ਪ੍ਰਾਪਤ ਕਰਦਾ ਹੈ। ਅਤਿਅੰਤ ਮੁਕਤੀ ਪ੍ਰਾਪਤ ਕਰਦਾ ਹੈ ਅਤੇ ਪਰਮ ਸੁਖ ਪ੍ਰਾਪਤ ਕਰਦਾ ਹੈ। (288-290)

ਅਕਸ਼ਰਬ੍ਰਹਮ ਦੇ ਸਾਰਧਮਯ ਨੂੰ ਪ੍ਰਾਪਤ ਕਰ ਕੇ ਪੁਰਸ਼ੋਤਮ ਦੀ ਦਾਸ-ਭਾਵ ਨਾਲ ਭਗਤੀ ਕਰਨਾ ਹੀ ਅਤਿਅੰਤ ਮੁਕਤੀ ਮੰਨੀ ਗਈ ਹੈ। (291)

ਇਸ ਤਰ੍ਹਾਂ ਸੰਖੇਪ ਤੌਰ ’ਤੇ ਇੱਥੇ ਆਗਿਆ ਅਤੇ ਉਪਾਸਨਾ ਦਾ ਵਰਣਨ ਕੀਤਾ ਗਿਆ ਹੈ। ਇਸਦਾ ਵਿਸਥਾਰ ਸੰਪਰਦਾਇ ਦੇ ਸ਼ਾਸਤਰਾਂ ਤੋਂ ਸਮਝੋ। (292)

ਸਤਿਸੰਗੀ-ਜਨ ਹਰ ਰੋਜ਼ ਇਸ ‘ਸਤਿਸੰਗ-ਦੀਕਸ਼ਾ’ ਸ਼ਾਸਤਰ ਦਾ ਇਕਾਗਰ-ਚਿੱਤ ਹੋ ਕੇ ਪਾਠ ਕਰਨ। ਪਾਠ ਕਰਨ ਵਿਚ ਜਿਹੜੇ ਅਸਮਰੱਥ ਹੋਣ, ਉਹ ਪ੍ਰੇਮ ਨਾਲ ਇਸਨੂੰ ਸੁਣਨ ਅਤੇ ਉਸ ਅਨੁਸਾਰ ਸ਼ਰਧਾ ਨਾਲ ਵਿਵਹਾਰ ਕਰਨ ਦਾ ਯਤਨ ਕਰਨ। (293-294)

ਪਰਮਾਤਮਾ ਪਰਬ੍ਰਹਮ ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਅਕਸ਼ਰਪੁਰਸ਼ੋਤਮ ਸਿਧਾਂਤ ਦੀ ਸਥਾਪਨਾ ਕੀਤੀ ਅਤੇ ਗੁਣਾਤੀਤ ਗੁਰੂਆਂ ਨੇ ਉਸਦਾ ਪ੍ਰਵਰਤਨ ਕੀਤਾ। ਉਸ ਸਿਧਾਂਤ ਦੇ ਅਨੁਸਾਰ ਇਸ ਸ਼ਾਸਤਰ ਦੀ ਰਚਨਾ ਕੀਤੀ ਹੈ। (295-296)

ਪਰਬ੍ਰਹਮ ਦਿਆਲੂ ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਕਿਰਪਾ ਕਰ ਕੇ ਮੁਮੁਕਸ਼ੁਆਂ ਦੀ ਮੁਕਤੀ ਲਈ ਇਸ ਸੰਸਾਰ ਵਿਚ ਅਵਤਾਰ ਧਾਰਿਆ। ਉਨ੍ਹਾਂ ਦੇ ਸਾਰੇ ਯੋਗਖੇਮ (ਆਤਮਕ ਸੁਖ-ਆਨੰਦ) ਦਾ ਭਾਰ ਚੁੱਕਿਆ ਅਤੇ ਇਸ ਲੋਕ ਤੇ ਪਰਲੋਕ ਦੋਨੋਂ ਤਰ੍ਹਾਂ ਦਾ ਕਲਿਆਣ ਕੀਤਾ। (297-298)

ਪਰਮਾਤਮਾ ਪਰਬ੍ਰਹਮ ਭਗਵਾਨ ਸ਼੍ਰੀਸੁਆਮੀਨਾਰਾਇਣ ਦੀ ਦੈਵੀ ਕਿਰਪਾ-ਅਸੀਸ ਸਦਾ ਸਭ ਪਾਸੇ ਵਰਸਦੀ ਰਹੇ। (299)

ਸਾਰਿਆਂ ਦੇ ਸਾਰੇ ਦੁੱਖ, ਤਿੰਨ ਤਾਪ, ਅਸ਼ਾਂਤੀ, ਕਲੇਸ਼, ਅਗਿਆਨ, ਸ਼ੰਕੇ ਅਤੇ ਭੈਅ ਦਾ ਨਾਸ਼ ਹੋਵੇ। (300)

ਭਗਵਾਨ ਦੀ ਕਿਰਪਾ ਨਾਲ ਸਾਰੇ ਅਰੋਗ ਸਿਹਤ, ਸੁਖ, ਪਰਮ ਸ਼ਾਂਤੀ ਅਤੇ ਪਰਮ ਕਲਿਆਣ ਪ੍ਰਾਪਤ ਕਰਨ। (301)

ਕੋਈ ਮਨੁੱਖ ਕਿਸੇ ਦਾ ਦ੍ਰੋਹ (ਵੈਰ) ਅਤੇ ਈਰਖਾ ਨਾ ਕਰੇ। ਸਾਰੇ ਸਦਾ ਆਪਸ ਵਿਚ ਆਦਰ-ਭਾਵ ਰੱਖਣ। (302)

ਅਕਸ਼ਰਪੁਰਸ਼ੋਤਮ ਵਿਚ ਸਾਰਿਆਂ ਦਾ ਦ੍ਰਿੜ੍ਹ ਪ੍ਰੇਮ, ਸ਼ਰਧਾ, ਨਿਸਚਾ ਅਤੇ ਭਰੋਸਾ ਸਦਾ ਵੱਧਦਾ ਰਹੇ। (303)

ਸਾਰੇ ਭਗਤ ਧਰਮ ਦੀ ਪਾਲਣਾ ਵਿਚ ਬਲਵਾਨ ਬਣਨ ਅਤੇ ਸਹਿਜਾਨੰਦ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰਨ। (304)

ਇਹ ਸੰਸਾਰ ਸ਼ਾਂਤ, ਧਰਮੀ, ਸਾਧਨਾਸ਼ੀਲ ਅਤੇ ਅਧਿਆਤਮ ਮਾਰਗ ’ਤੇ ਚੱਲਣ ਵਾਲੇ ਮਨੁੱਖਾਂ ਨਾਲ ਸੁਸੱਜਿਤ ਹੋਵੇ। (305)

ਸਾਰਿਆਂ ਮਨੁੱਖਾਂ ਵਿਚ ਆਪਸੀ ਏੇਕਤਾ, ਸੁਹਿਰਦ-ਭਾਵ, ਮਿੱਤਰਤਾ, ਕਰੁਣਾ, ਸਹਿਣਸ਼ੀਲਤਾ ਅਤੇ ਪ੍ਰੇਮ ਦਾ ਵਾਧਾ ਹੋਵੇ। (306)

ਸਤਿਸੰਗ ਵਿਚ ਬ੍ਰਹਮ ਅਤੇ ਪਰਬ੍ਰਹਮ ਦੇ ਦੈਵੀ ਸੰਬੰਧ ਨਾਲ ਸਾਰਿਆਂ ਵਿਚ ਨਿਰਦੋਸ਼-ਭਾਵ ਅਤੇ ਦੈਵੀ-ਭਾਵ ਦੀ ਦ੍ਰਿੜ੍ਹਤਾ ਹੋਵੇ। (307)

ਸਾਰੇ ਜਨ ਆਪਣੀ ਆਤਮਾ ਵਿਚ ਅਕਸ਼ਰਰੂਪਤਾ ਪਾ ਕੇ ਪੁਰਸ਼ੋਤਮ ਸਹਿਜਾਨੰਦ ਦੀ ਭਗਤੀ ਪ੍ਰਾਪਤ ਕਰਨ। (308)

ਬਿਕਰਮੀ ਸੰਮਤ ੨੦੭੬ ਦੇ ਮਾਘ ਸ਼ੁਕਲ ਪੰਚਮੀ ਨੂੰ ਇਸ ਸ਼ਾਸਤਰ ਨੂੰ ਲਿਖਣ ਦਾ ਆਰੰਭ ਹੋਇਆ ਅਤੇ ਚੇਤਰ ਸ਼ੁਕਲ ਨੌਵੀਂ ਨੂੰ ਭਗਵਾਨ ਸ਼੍ਰੀਸੁਆਮੀਨਾਰਾਇਣ ਦੇ ਦੈਵੀ ਜਨਮ-ਮਹਾਂਉਤਸਵ ’ਤੇ ਇਹ ਸੰਪੂਰਨ ਹੋਇਆ। (309-310)

ਪੂਜਣ-ਯੋਗ ਪਰਬ੍ਰਹਮ ਸਹਿਜਾਨੰਦ ਸ਼੍ਰੀਹਰੀ ਅਤੇ ਮੂਲ ਅਕਸ਼ਰ ਗੁਣਾਤੀਤਾਨੰਦ ਸੁਆਮੀ, ਸਾਕਸ਼ਾਤ ਗਿਆਨ-ਮੂਰਤੀ ਭਗਤਜੀ ਮਹਾਰਾਜ, ਸਤਿ ਸਿਧਾਂਤ ਦੇ ਰੱਖਿਅਕ ਯਗਯਪੁਰਸ਼ਦਾਸਜੀ (ਸ਼ਾਸਤਰੀਜੀ ਮਹਾਰਾਜ), ਸਦਾ ਪ੍ਰੇਮ ਨਾਲ ਭਰੇ ਅਤੇ ਆਨੰਦਮਈ ਬ੍ਰਹਮ ਅਜਿਹੇ ਯੋਗੀਜੀ ਮਹਾਰਾਜ ਅਤੇ ਵਿਸ਼ਵ ਵਿਚ ਆਦਰ-ਯੋਗ ਅਤੇ ਨਿਮਰ ਗੁਰੂ ਪ੍ਰਮੁਖਸੁਆਮੀਜੀ ਮਹਾਰਾਜ ਨੂੰ ਇਹ ਸ਼ਾਸਤਰ-ਰੂਪ ਭੇਟ ਉਨ੍ਹਾਂ ਦੀ ਜਨਮ-ਸ਼ਤਾਬਦੀ ਦੇ ਪੁਰਬ ’ਤੇ ਆਨੰਦ ਪੂਰਵਕ ਭਗਤੀ-ਭਾਵ ਨਾਲ ਭੇਟਾ ਕੀਤੀ ਜਾਂਦੀ ਹੈ। (311-314)

ਭਗਵਾਨ ਸ਼੍ਰੀਸੁਆਮੀਨਾਰਾਇਣ ਅਰਥਾਤ ਸਾਕਸ਼ਾਤ ਅਕਸ਼ਰ-ਪੁਰਸ਼ੋਤਮ ਮਹਾਰਾਜ ਸਾਰੇ ਵਿਸ਼ਵ ਵਿਚ ਪਰਮ ਆਨੰਦ-ਮੰਗਲ ਦਾ ਵਿਸਥਾਰ ਕਰਨ। (315)

0 comments

પરિચય પરીક્ષા - નિબંધ -3 - બાળવયે સત્સંગમય શાંતિલાલ (સ્વામિનારાયણ પ્રકાશ : જાન્યુઆરી -2022, પા.નં. 14-15)

 બાળવયે શાંતિલાલ સૌથી નોખા તરી આવતા હતા, તેનું એક સૌથી મોટું કારણ હતું - બાળપણથી જ સેવામય, ભક્તિમય, સરળ, સુહૃદયી સ્વભાવ. શાંતિલાલને પિતાજીની...